ਏਜੰਟਾਂ ਦੇ ਮੱਕੜਜਾਲ ਤੋਂ ਬਚੋ, ਵਿਆਹ-ਸ਼ਾਦੀ ਲਈ ਸਿਰਫ 1000 ਰੁਪਏ ’ਚ ਦਿੱਤਾ ਜਾ ਰਿਹੈ ਸ਼ਰਾਬ ਪਰੋਸਣ ਦਾ ਲਾਇਸੈਂਸ
Tuesday, Jul 26, 2022 - 01:00 PM (IST)
ਜਲੰਧਰ (ਪੁਨੀਤ)– ਨਵੀਂ ਐਕਸਾਈਜ਼ ਪਾਲਿਸੀ ’ਚ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਫੇਰਬਦਲ ਕੀਤੇ ਗਏ ਹਨ, ਜਿਸ ’ਚ ਵਿਆਹ-ਸ਼ਾਦੀ ਅਤੇ ਹੋਰ ਪ੍ਰੋਗਰਾਮਾਂ ਲਈ ਸ਼ਰਾਬ ਪਰੋਸਣ ਵਾਸਤੇ ਲਾਇਸੈਂਸ ਫੀਸ ਵਿਚ ਵੀ ਵੱਡੇ ਪੱਧਰ ’ਤੇ ਕਟੌਤੀ ਕੀਤੀ ਗਈ ਹੈ। ਪੁਰਾਣੀ ਪਾਲਿਸੀ ’ਚ 3 ਕੈਟਾਗਰੀਆਂ ਜ਼ਰੀਏ ਲਾਇਸੈਂਸ ਲੈਣਾ ਪੈਂਦਾ ਸੀ, ਜਿਸ ਦੀ ਫੀਸ 5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਨਿਰਧਾਰਿਤ ਸੀ। ਹੁਣ ਨਵੀਂ ਪਾਲਿਸੀ ’ਚ ਸਿਰਫ ਇਕ ਕੈਟਾਗਰੀ ਰੱਖੀ ਗਈ ਹੈ, ਜਿਸ ਦੀ ਫੀਸ ਸਿਰਫ 1000 ਰੁਪਏ ਹੈ।
ਇਹ ਵੀ ਪੜ੍ਹੋ: ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼
ਵਿਆਹ-ਸ਼ਾਦੀ ਅਤੇ ਹੋਰ ਪ੍ਰੋਗਰਾਮਾਂ ਲਈ ਜਦੋਂ ਰਿਜ਼ਾਰਟ, ਮੈਰਿਜ ਪੈਲੇਸ ਜਾਂ ਹੋਰ ਕਿਸੇ ਸਥਾਨ ’ਤੇ ਬੁਕਿੰਗ ਕਰਵਾਈ ਜਾਂਦੀ ਹੈ ਤਾਂ ਉਥੋਂ ਦੀ ਮੈਨੇਜਮੈਂਟ ਸ਼ਰਾਬ ਪਰੋਸਣ ਲਈ ਲਾਇਸੈਂਸ ਦੀ ਮੰਗ ਰੱਖਦੀ ਹੈ। ਐਕਸਾਈਜ਼ ਪਾਲਿਸੀ ਅਨੁਸਾਰ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੈ। ਉਸਦੇ ਬਿਨਾਂ ਸਬੰਧਤ ਪੈਲੇਸ ਨੂੰ ਜੁਰਮਾਨਾ ਕਰਨ ਦਾ ਵੀ ਪ੍ਰਬੰਧ ਹੈ। ਇਸ ਕਾਰਨ ਲੋਕਾਂ ਲਈ ਲਾਇਸੈਂਸ ਲੈਣਾ ਜ਼ਰੂਰੀ ਹੋ ਜਾਂਦਾ ਹੈ।
ਆਮ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਉਹ ਇਧਰੋਂ-ਉਧਰੋਂ ਫ਼ੋਨ ਨੰਬਰ ਅਰੇਂਜ ਕਰ ਕੇ ਕਿਸੇ ਏਜੰਟ ਆਦਿ ਦੇ ਸੰਪਰਕ ’ਚ ਆਉਂਦੇ ਹਨ, ਜਿਸ ਤੋਂ ਬਾਅਦ ਏਜੰਟਾਂ ਵੱਲੋਂ ਜ਼ਿਆਦਾ ਫੀਸ ਦੀ ਮੰਗ ਕੀਤੀ ਜਾਂਦੀ ਹੈ। ਵਿਭਾਗ ਵੱਲੋਂ ਹੁਣ ਲਾਇਸੈਂਸ ਫੀਸ 1000 ਰੁਪਏ ਕਰ ਦਿੱਤੀ ਗਈ ਹੈ ਪਰ ਇਸਦੇ ਬਾਵਜੂਦ ਕਈ ਏਜੰਟ ਅਜੇ ਵੀ 10 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਹਨ। ਲੋਕਾਂ ਨੂੰ ਏਜੰਟਾਂ ਦੇ ਮੱਕੜਜਾਲ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਲਾਇਸੈਂਸ ਲੈਣਾ ਬਹੁਤ ਆਸਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਕਰੰਟ ਲੱਗਣ ਨਾਲ 16 ਸਾਲਾ ਮੁੰਡੇ ਦੀ ਮੌਤ, ਖੰਭੇ ਨੇੜਿਓਂ ਮਿਲੀ ਲਾਸ਼, ਹੱਥ-ਪੈਰ ਹੋ ਚੁੱਕੇ ਸਨ ਨੀਲੇ
ਲਾਇਸੈਂਸ ਲਈ ਈ-ਆਬਕਾਰੀ ਜਾਂ ਪੰਜਾਬ ਐਕਸਾਈਜ਼ ਵਿਭਾਗ ਦੀ ਸਾਈਟ ’ਤੇ ਜਾ ਕੇ ਸਿਰਫ ਕੁਝ ਮਿੰਟਾਂ ਵਿਚ ਲਾਇਸੈਂਸ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸਦੇ ਲਈ ਫੀਸ ਵੀ ਆਨਲਾਈਨ ਅਦਾ ਕਰਨੀ ਪੈਂਦੀ ਹੈ। ਲਾਇਸੈਂਸ ਅਪਲਾਈ ਕਰਨ ਲਈ ਦਫ਼ਤਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਉਥੇ ਲਾਇਸੈਂਸ ਅਪਲਾਈ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸ ਅੱਡੇ ਨੇੜੇ ਸਥਿਤ ਐਕਸਾਈਜ਼ ਦਫ਼ਤਰ ’ਚ ਆਉਣ ਵਾਲੇ ਲੋਕਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਦੱਸ ਦਿੱਤਾ ਜਾਂਦਾ ਹੈ ਅਤੇ ਇਸਦੀ ਫੀਸ ਵੀ ਆਨਲਾਈਨ ਜਮ੍ਹਾ ਹੁੰਦੀ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਇਕ ਵਿਅਕਤੀ ਨੇ ਦੱਸਿਆ ਕਿ ਉਸਨੂੰ 10 ਹਜ਼ਾਰ ਰੁਪਏ ਫੀਸ ਦੱਸ ਕੇ ਗੁੰਮਰਾਹ ਕੀਤ ਜਾ ਰਿਹਾ ਸੀ, ਜਦੋਂ ਉਸ ਨੇ ਸਬੰਧਤ ਪੈਲੇਸ ਨਾਲ ਗੱਲ ਕੀਤੀ ਤਾਂ ਉਥੋਂ ਉਸਨੂੰ ਸੱਚਾਈ ਪਤਾ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਆਨਲਾਈਨ ਅਪਲਾਈ ਕੀਤਾ।
ਇਕ ਦਿਨ ’ਚ ਜਾਰੀ ਕਰ ਦਿੱਤਾ ਜਾਂਦਾ ਲਾਇਸੈਂਸ : ਹਰਜੋਤ
ਇਸ ਸਬੰਧ ’ਚ ਐਕਸਾਈਜ਼ ਵਿਭਾਗ ਦੇ ਸੀਨੀਅਰ ਅਧਿਕਾਰੀ ਹਰਜੋਤ ਸਿੰਘ ਬੇਦੀ ਨੇ ਦੱਸਿਆ ਕਿ ਵਿਭਾਗ ਦੀ ਸਾਈਟ ’ਤੇ ਜਾ ਕੇ ਪਰਮਿਸ਼ਨ ਟੂ ਸਰਵ ਲਿਕਰ ’ਤੇ ਕਲਿੱਕ ਕਰੋ, ਉੱਥੇ ਫ਼ਾਰਮ ਭਰ ਕੇ ਅਪਲਾਈ ਕਰਨ ’ਚ ਸਿਰਫ ਕੁਝ ਮਿੰਟ ਲੱਗਦੇ ਹਨ। ਵਿਭਾਗ ਵੱਲੋਂ ਅਰਜ਼ੀ ਮਿਲਣ ਤੋਂ ਬਾਅਦ ਸਿਰਫ਼ ਇਕ ਦਿਨ ਅੰਦਰ (ਵਰਕਿੰਗ ਡੇਅ) ’ਚ ਲਾਇਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ।