ਵਿਦੇਸ਼ਾਂ ''ਚ ਬੈਠ ਕੇ ਲਾਈ ਜਾ ਰਹੀ ਜਾਨ ਦੀ ਬੋਲੀ

Saturday, Feb 24, 2018 - 07:15 AM (IST)

ਵਿਦੇਸ਼ਾਂ ''ਚ ਬੈਠ ਕੇ ਲਾਈ ਜਾ ਰਹੀ ਜਾਨ ਦੀ ਬੋਲੀ

ਜਲੰਧਰ, (ਰਵਿੰਦਰ ਸ਼ਰਮਾ)- ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬੀਆਂ ਦੀ ਜਾਨ ਦੀ ਬੋਲੀ ਲਾਈ ਜਾ ਰਹੀ ਹੈ। ਮਾਮੂਲੀ ਰੰਜਿਸ਼ ਨੂੰ ਲੈ ਕੇ ਵਿਦੇਸ਼ਾਂ ਵਿਚ ਕਿਸੇ ਦੀ ਵੀ ਹੱਤਿਆ ਦੀ ਸੁਪਾਰੀ ਦਿੱਤੀ ਜਾ ਰਹੀ ਹੈ। ਬੇਰੋਜ਼ਗਾਰ ਨੌਜਵਾਨਾਂ ਨੂੰ ਇਸ ਲਈ ਟਾਰਗੇਟ ਬਣਾਏ ਜਾ ਰਹੇ ਹਨ ਤੇ ਉਨ੍ਹਾਂ ਦੇ ਹੱਥਾਂ ਵਿਚ ਹਥਿਆਰ ਵੀ ਫੜਾਏ ਜਾ ਰਹੇ ਹਨ। ਵਿਦੇਸ਼ਾਂ ਤੋਂ ਸੁਪਾਰੀ ਦੇਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।
ਐੱਨ.ਆਰ.ਆਈ. ਮੱਖਣ ਸਿੰਘ ਦੀ ਵੀ ਕੈਨੇਡਾ ਦੀ ਧਰਤੀ ਤੋਂ ਹੀ ਸੁਪਾਰੀ ਦਿੱਤੀ ਗਈ ਸੀ। ਇਹ ਸੁਪਾਰੀ ਮੋਸਟ ਵਾਂਟੇਡ ਸਤਨਾਮ ਸਿੰਘ ਸੱਤਾ ਨੂੰ ਦਿੱਤੀ ਗਈ ਸੀ। ਸੱਤਾ ਪਹਿਲਾਂ ਵੀ ਲੁੱਟ-ਖੋਹ ਦੇ ਹਮਲੇ ਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ। ਪਿਛਲੇ ਦੋ ਸਾਲ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਸੁਪਾਰੀ ਕਿਲਿੰਗ ਦੀਆਂ 25 ਤੋਂ ਵੱਧ ਵਾਰਦਾਤਾਂ ਹੋ ਚੁੱਕੀਆਂ ਹਨ ਤੇ ਕਈ ਮਾਮਲਿਆਂ ਵਿਚ ਤਾਂ ਸੁਪਾਰੀ ਕਿਲਰ ਸਫਲ ਰਹੇ ਤੇ ਕਈ ਮਾਮਲਿਆਂ ਵਿਚ ਅਸਫਲਤਾ ਉਨ੍ਹਾਂ ਦੇ ਹੱਥ ਲੱਗੀ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਅੱਜ ਵੀ ਅਨਟ੍ਰੇਸ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਸ ਸੁਪਾਰੀ ਲੈਣ ਵਾਲੇ ਅਪਰਾਧੀ ਨੂੰ ਤਾਂ ਗ੍ਰਿਫਤਾਰ ਕਰ ਲੈਂਦੀ ਹੈ ਪਰ ਪੁਲਸ ਦੇ ਲੰਮੇ ਹੱਥ ਵਿਦੇਸ਼ਾਂ ਵਿਚ ਸੁਪਾਰੀ ਦੇਣ ਵਾਲਿਆਂ ਤੱਕ ਨਹੀਂ ਪਹੁੰਚਦੇ। ਵਿਦੇਸ਼ੀ ਧਰਤੀ ਤੋਂ ਸਾਜ਼ਿਸ਼ਾਂ ਤੇ ਅਪਰਾਧ ਨੂੰ ਬੜ੍ਹਾਵਾ ਦੇਣ ਦੀਆਂ ਲਗਾਤਾਰ ਘਟਨਾਵਾਂ ਤੋਂ ਬਾਅਦ ਵੀ ਪੰਜਾਬ ਪੁਲਸ ਵਲੋਂ ਇਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਭਾਵੇਂ ਡੀ. ਜੀ. ਪੀ. ਆਫਿਸ ਦਾ ਦਾਅਵਾ ਹੈ ਕਿ ਅਜਿਹੇ ਗੰਭੀਰ ਮਾਮਲਿਆਂ ਦੀ ਲਗਾਤਾਰ ਲਿਸਟ ਤਿਆਰ ਕਰ ਕੇ ਗ੍ਰਹਿ ਮੰਤਰਾਲਾ ਨੂੰ ਭੇਜੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਪੁਲਸ ਜਾਂ ਭਾਰਤ ਸਰਕਾਰ ਇਕ ਵੀ ਅਜਿਹੇ ਅਪਰਾਧੀ ਨੂੰ ਦੇਸ਼ ਤੋਂ ਲਿਆਉਣ ਵਿਚ ਸਫਲ ਨਹੀਂ ਹੋ ਸਕੀ। 
ਪੰਜਾਬ ਵਿਚ ਲਗਾਤਾਰ ਵੱਧਦੀ ਬੇਰੋਜ਼ਗਾਰੀ ਵੀ ਅਪਰਾਧਾਂ ਦੇ ਵਧਣ ਦਾ ਇਕ ਵੱਡਾ ਕਾਰਨ ਮੰਨੀ ਜਾ ਰਹੀ ਹੈ। ਨੌਕਰੀ ਨਾ ਮਿਲਣ ਤੋਂ ਨਿਰਾਸ਼ ਤੇ ਦੁਖੀ ਨੌਜਵਾਨ ਸਿੱਧੇ ਅਪਰਾਧ ਦੇ ਰਸਤੇ 'ਤੇ ਉਤਰ ਪੈਂਦੇ ਹਨ। ਕਾਂਟ੍ਰੈਕਟ ਕਿਲਿੰਗ ਜਿਹੇ ਟਾਰਗੇਟ ਲੈ ਕੇ ਨੌਜਵਾਨ ਵਰਗ ਅਪਰਾਧ ਦੀ ਡੂੰਘੀ ਦਲਦਲ ਵਿਚ ਫਸ ਕੇ ਆਪਣਾ ਭਵਿੱਖ ਖਰਾਬ ਕਰ ਰਹੇ ਹਨ। ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਵਾਲਾ ਨੌਜਵਾਨ ਵਰਗ ਆਪਣੇ ਹੱਥਾਂ ਵਿਚ ਹਥਿਆਰ ਫੜ ਰਿਹਾ ਹੈ। ਇਸ ਤੋਂ ਬਾਅਦ ਉਹ ਵੱਡੇ-ਵੱਡੇ ਅਪਰਾਧੀਆਂ ਦੀ ਸਰਪ੍ਰਸਤੀ ਹੇਠ ਅਪਰਾਧ ਦੀ ਦੁਨੀਆ ਵਿਚ ਕਦਮ ਰੱਖ ਕੇ ਸਮਾਜ ਲਈ ਖਤਰਾ ਬਣ ਰਿਹਾ ਹੈ।
ਗ੍ਰਹਿ ਮੰਤਰਾਲਾ ਨੂੰ ਭੇਜੀ ਜਾਂਦੀ ਹੈ ਪੂਰੀ ਰਿਪੋਰਟ : ਡੀ. ਜੀ. ਪੀ.
ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਸੁਪਾਰੀ ਲੈ ਕੇ ਹੱਤਿਆ ਜਾਂ ਹੱਤਿਆ ਦੀ ਕੋਸ਼ਿਸ਼ ਦੇ ਹਰੇਕ ਮਾਮਲੇ ਨੂੰ ਪੁਲਸ ਬੇਹੱਦ ਗੰਭੀਰਤਾ ਨਾਲ ਲੈਂਦੀ ਹੈ। ਵਿਦੇਸ਼ਾਂ ਤੋਂ ਕਾਂਟ੍ਰੈਕਟ ਕਿਲਿੰਗ ਦੇ ਮਾਮਲੇ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਹਿੰਦੂ ਆਗੂਆਂ ਦੀ ਹੱਤਿਆ ਪਿੱਛੇ ਵੀ ਵਿਦੇਸ਼ਾਂ ਤੋਂ ਹੀ ਫੰਡਿੰਗ ਹੋਈ ਸੀ। ਡੀ. ਜੀ. ਪੀ. ਕਹਿੰਦੇ ਹਨ ਕਿ ਜੋ ਲੋਕ ਵਿਦੇਸ਼ਾਂ ਤੋਂ ਸੁਪਾਰੀ ਦਿੰਦੇ ਹਨ, ਉਨ੍ਹਾਂ ਦਾ ਪੂਰਾ ਰਿਕਾਰਡ ਪੁਲਸ ਫਰੋਲਦੀ ਹੈ ਤੇ ਇਸ ਦੀ ਪੂਰੀ ਰਿਪੋਰਟ ਤਿਆਰ ਕਰ ਕੇ ਗ੍ਰਹਿ ਮੰਤਰਾਲਾ ਨੂੰ ਭੇਜੀ ਜਾਂਦੀ ਹੈ। ਡੀ. ਜੀ. ਪੀ. ਅਰੋੜਾ ਨੇ ਨੌਜਵਾਨ ਵਰਗ ਨੂੰ ਵੀ ਅਪੀਲ ਕੀਤੀ ਕਿ ਉਹ ਪੈਸਾ ਜਲਦੀ ਕਮਾਉਣ ਦੇ ਚੱਕਰ ਵਿਚ ਅਪਰਾਧ ਦਾ ਸ਼ਾਰਟ ਕੱਟ ਰਸਤਾ ਨਾ ਅਪਣਾਉਣ ਕਿਉਂਕਿ ਅਪਰਾਧ ਦੀ ਦੁਨੀਆ ਦਾ ਜੀਵਨ ਕੁਝ ਦਿਨਾਂ ਲਈ ਹੀ ਖੁਸ਼ਗਵਾਰ ਹੋ ਸਕਦਾ ਹੈ ਪਰ ਲੰਮੇ ਸਮੇਂ ਤੱਕ ਨਹੀਂ।


Related News