ਰਾਜ ਸਭਾ ’ਚ ਗੂੰਜਿਆ ਪੰਜਾਬ ''ਚ ਜਲ ਸੰਕਟ ਦਾ ਮਾਮਲਾ, ਰਾਘਵ ਚੱਢਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ
Tuesday, Aug 02, 2022 - 12:24 PM (IST)
ਜਲੰਧਰ (ਧਵਨ) : ਪੰਜਾਬ ਵਿਚ ਡੂੰਘੇ ਹੋ ਰਹੇ ਜਲ ਸੰਕਟ ਦਾ ਮਾਮਲਾ ਰਾਜ ਸਭਾ ਵਿਚ ਗੂੰਜਿਆ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਮਾਮਲੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਸ ਨੇ ਜਲ ਸੰਕਟ ਸਬੰਧੀ ਅਜੇ ਤਕ ਕੋਈ ਯੋਜਨਾ ਨਹੀਂ ਬਣਾਈ।ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਹ ਮੁੱਦਾ ਸਭ ਤੋਂ ਪਹਿਲਾਂ ਉਠਾਉਂਦਿਆਂ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਉਹ ਉਸ ਸੂਬੇ ਦੇ ਪ੍ਰਤੀਨਿਧੀ ਹਨ, ਜਿਸ ਦਾ ਨਾਂ 5 ਦਰਿਆਵਾਂ ’ਤੇ ਪਿਆ ਸੀ।
ਇਹ ਵੀ ਪੜ੍ਹੋ: ਭਾਜਪਾ ਆਗੂ ਆਰ. ਪੀ. ਸਿੰਘ ਦੇ ਵਿਵਾਦਤ ਬਿਆਨ 'ਤੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ
ਰਾਘਵ ਚੱਢਾ ਨੇ ਕਿਹਾ ਕਿ ਜਦੋਂ ਦੇਸ਼ ਵਿਚ ਅਨਾਜ ਦੀ ਘਾਟ ਹੋਈ ਸੀ ਤਾਂ ਪੰਜਾਬ ਵਿਚ ਹਰੀ ਕ੍ਰਾਂਤੀ ਆਈ ਸੀ ਅਤੇ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸੀ। ਪੰਜਾਬ ਅਨਾਜ ਦੀ ਪੈਦਾਵਾਰ ਵਿਚ ਹਮੇਸ਼ਾ ਮੋਹਰੀ ਰਿਹਾ ਹੈ। ਅੱਜ ਪੰਜਾਬ ਵਿਚ ਅਨਾਜ ਦੀ ਪੈਦਾਵਾਰ ਲਈ ਜਲ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਬਲਾਕਾਂ ਵਿਚ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ 400 ਤੋਂ 500 ਫੁੱਟ ਤਕ ਹੇਠਾਂ ਚਲਾ ਗਿਆ ਹੈ। ਅੱਜ ਝੋਨੇ ਦੀ ਕਾਸ਼ਤ ਲਈ ਪਾਣੀ ਦੀ ਘਾਟ ਹੈ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ’ਤੇ ਕੇਂਦਰ ਸਰਕਾਰ ਨੇ ਲਾਇਆ GST, ਸ਼੍ਰੋਮਣੀ ਕਮੇਟੀ ਨੇ ਕੀਤਾ ਵਿਰੋਧ
ਰਾਘਵ ਚੱਢਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣਾ ਅਤੇ ਮਾਲਵਾ ਖੇਤਰ ਵਿਚ ਪਾਣੀ ਦਾ ਗੰਦਲਾ ਹੋਣਾ ਗੰਭੀਰ ਵਿਸ਼ਾ ਹੈ। ਜਦੋਂ ਤਕ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਉਪਰਾਲੇ ਨਹੀਂ ਕਰਾਂਗੇ, ਉਦੋਂ ਤਕ ਫ਼ਸਲਾਂ ਦੇ ਝਾੜ ’ਤੇ ਮਾੜਾ ਅਸਰ ਪੈਂਦਾ ਰਹੇਗਾ। ਉਨ੍ਹਾਂ ਕਿਹਾ ਕਿ ਇਕ ਕਿਲੋ ਚੌਲ ਪੈਦਾ ਕਰਨ ਲਈ ਲਗਭਗ 5,000 ਲਿਟਰ ਪਾਣੀ ਲੱਗਦਾ ਹੈ। ਜਿਸ ਤਰ੍ਹਾਂ ਪਾਣੀ ਦਾ ਸੰਕਟ ਵਧ ਰਿਹਾ ਹੈ, ਉਸ ਨੂੰ ਵੇਖਦੇ ਹੋਏ ਆਉਣ ਵਾਲੇ ਸਮੇਂ ਵਿਚ ਝੋਨੇ ਦੀ ਪੈਦਾਵਾਰ ਲਈ ਹੋਰ ਪਾਣੀ ਦੀ ਲੋੜ ਪਵੇਗੀ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਲਈ ਵਿਸ਼ੇਸ਼ ਯੋਜਨਾ ਬਣਾਉਣ ਦੀ ਲੋੜ ਹੈ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ