ਨਹੀਂ ਸੁਲਝ ਰਿਹਾ ਜੰਮੂ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ

Thursday, Mar 13, 2025 - 04:49 AM (IST)

ਨਹੀਂ ਸੁਲਝ ਰਿਹਾ ਜੰਮੂ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ

ਗੁਰਦਾਸਪੁਰ ‌(ਹਰਮਨ) : ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਗੁਜ਼ਰਨ ਵਾਲੇ ਜੰਮੂ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਸੁਲਝਣ ਦੀ ਬਜਾਏ ਉਲਝਦਾ ਨਜ਼ਰ ਆ ਰਿਹਾ ਹੈ। ਇਸ ਤਹਿਤ ਬੀਤੇ ਕੱਲ੍ਹ ਸ੍ਰੀ ਹਰਗੋਬਿੰਦਪੁਰ ਨੇੜਲੇ ਇਲਾਕੇ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਦੌਰਾਨ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਦਰਮਿਆਨ ਹੋਈ ਬਹਿਸਬਾਜ਼ੀ ਅਤੇ ਤਕਰਾਰ ਤੋਂ ਬਾਅਦ ਬੁੱਧਵਾਰ ਨੂੰ ਪਿੰਡ ਸਲਾਹਪੁਰ ਪਹੁੰਚੀ ਪ੍ਰਸ਼ਾਸਨ ਦੀ ਟੀਮ ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ।

 ਇਹ ਵੀ ਪੜ੍ਹੋ : ਟਿਊਸ਼ਨ ਪੜ੍ਹਨ ਘਰੋਂ ਨਿਕਲਿਆ ਲੜਕਾ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਇਸ ਸਬੰਧੀ ਜਾਣਕਾਰੀ ਅਨੁਸਾਰ ਪਿੰਡ ਸਲਾਹਪੁਰ ਵਿੱਚ ਐੱਸਡੀਐੱਮ ਗੁਰਦਾਸਪੁਰ ਜਸਪਿੰਦਰ ਸਿੰਘ ਆਈਏਐੱਸ ਅਤੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਸਮੇਤ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਅਤੇ ਸਬੰਧਤ ਪਟਵਾਰੀ ਕਾਨੂੰਗੋ ਦੀ ਇੱਕ ਟੀਮ ਪਹੁੰਚੀ ਸੀ। ਇਸ ਸਬੰਧ ਵਿੱਚ ਜਦੋਂ ਕਿਸਾਨ ਆਗੂਆਂ ਨੂੰ ਪਤਾ ਲੱਗਾ ਕਿ ਨੈਸ਼ਨਲ ਹਾਈਵੇ ਦੇ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਪਿੰਡ ਸਲਾਹਪੁਰ ਵਿੱਚ ਪਹੁੰਚੇ ਹਨ ਅਤੇ ਉਨ੍ਹਾਂ ਵੱਲੋਂ ਜ਼ਮੀਨ ਐਕਵਾਇਰ ਕਰਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਹੋਰ ਆਗੂ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਕਿ ਜਿੰਨੀ ਦੇਰ ਸਾਰੇ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਅਤੇ ਨਿਯਮਾਂ ਅਨੁਸਾਰ ਬਣਦੇ ਮੁਆਵਜ਼ੇ ਨਹੀਂ ਮਿਲ ਜਾਂਦੇ ਅਤੇ ਸਰਕਾਰ ਵੱਲੋਂ ਉਹਨਾਂ ਦੇ ਸਾਰੇ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ, ਓਨੀ ਦੇਰ ਉਹ ਕਿਤੇ ਵੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਣਗੇ। 

ਇਹ ਵੀ ਪੜ੍ਹੋ : ਹੋਲੀ 'ਤੇ ਚੰਦਰ ਗ੍ਰਹਿਣ... ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ, ਨਹੀਂ ਤਾਂ ਹੋ ਸਕਦਾ ਹੈ ਭਾਰੀ ਨੁਕਸਾਨ!

ਦੂਜੇ ਪਾਸੇ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਅੱਜ ਇੱਥੇ ਉਹ ਕੋਈ ਵੀ ਜ਼ਮੀਨ ਐਕਵਾਇਰ ਕਰਨ ਨਹੀਂ ਆਏ, ਉਹਨਾਂ ਵੱਲੋਂ ਸਿਰਫ ਪਿੰਡ ਸਲਾਹਪੁਰ ਦੇ ਇੱਕ ਕਿਸਾਨ ਵੱਲੋਂ ਕੋਰਟ ਵਿੱਚ ਲਗਾਏ ਗਏ ਕੇਸ ਦੀ ਸੈਟਲਮੈਂਟ ਹੋਣ ਦੇ ਬਾਅਦ ਜਦੋਂ ਇਹ ਕੇਸ ਵਾਪਸ ਹੋਇਆ ਹੈ ਤਾਂ ਉਸ ਕਿਸਾਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦਰਮਿਆਨ ਗੱਲ ਕਰਵਾਉਣ ਲਈ ਆਏ ਹਨ ਤਾਂ ਜੋ ਕਿਸਾਨ ਨੂੰ ਉਸ ਦੇ ਬਣਦੇ ਪੈਸੇ ਸਮੇਂ ਸਿਰ ਮਿਲ ਸਕਣ। ਜਿਹੀ ਸਥਿਤੀ ਵਿੱਚ ਦੋਵਾਂ ਧਿਰਾਂ ਦਰਮਿਆਨ ਕਾਫੀ ਬਹਿਸ ਹੁੰਦੀ ਰਹੀ, ਜਿਸ ਤੋਂ ਬਾਅਦ ਅਧਿਕਾਰੀ ਉਥੋਂ ਚਲੇ ਗਏ। ਇਸ ਉਪਰੰਤ ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪਰ ਉਹ ਕਿਸੇ ਵੀ ਕੀਮਤ 'ਤੇ ਜ਼ਮੀਨ ਐਕਵਾਇਰ ਨਹੀਂ ਹੋਣ ਦੇਣਗੇ। 

ਉਹਨਾਂ ਕਿਹਾ ਕਿ ਅਜੇ ਬੀਤੇ ਕੱਲ੍ਹ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦੌਰਾਨ ਜੋ ਕਿਸਾਨ ਜ਼ਖਮੀ ਹੋਏ ਸਨ, ਉਹ ਅਜੇ ਤੱਕ ਹਸਪਤਾਲਾਂ ਵਿੱਚ ਹੀ ਦਾਖਲ ਹਨ ਪਰ ਅੱਜ ਮੁੜ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News