ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ''ਤੇ ਲਾਈਆਂ ਧਾਰਮਿਕ ਚਿੰਨ੍ਹਾਂ ਵਾਲੀਆਂ ਟਾਇਲਾਂ ਨੂੰ ਤੋੜਨ ਦਾ ਮਾਮਲਾ ਭਖਿਆ

09/22/2017 2:27:12 AM

ਸਮਾਣਾ, (ਅਨੇਜਾ)- ਧਾਰਮਿਕ ਚਿੰਨ੍ਹਾਂ ਵਾਲੀਆਂ ਟਾਇਲਾਂ ਤੋੜਨ 'ਤੇ ਭੜਕੇ ਗੁਰਦੁਆਰਾ ਕਮੇਟੀ ਆਗੂਆਂ ਨੇ ਇਸ ਦੀ ਸ਼ਿਕਾਇਤ ਸੰਬੰਧਿਤ ਪੁਲਸ ਚੌਕੀ ਗਾਜੇਵਾਸ, ਡੀ. ਐੱਸ. ਪੀ. ਸਮਾਣਾ, ਐੱਸ. ਐੱਸ. ਪੀ. ਪਟਿਆਲਾ ਅਤੇ ਐੱਸ. ਜੀ. ਪੀ. ਸੀ. ਪ੍ਰਧਾਨ ਕੋਲ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਬੰਮਣਾ ਵਿਖੇ ਮੌਜੂਦਾ ਕਮੇਟੀ ਆਗੂਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਬਾਬਾ ਸੰਤ ਪ੍ਰਸਾਦ ਜੀ ਦੀ 4 ਕਿੱਲੇ ਜ਼ਮੀਨ ਵਿਚ ਬਣਿਆ ਹੋਇਆ ਹੈ। ਜ਼ਮੀਨ ਦਾ ਠੇਕਾ ਵੀ ਕਰੀਬ 2 ਲੱਖ ਰੁਪਏ ਹਰ ਸਾਲ ਆਉਂਦਾ ਹੈ, ਜਿਸ ਨੂੰ ਇਸੇ ਗੁਰਦੁਆਰਾ ਸਾਹਿਬ 'ਤੇ ਹੀ ਖਰਚ ਕੀਤਾ ਜਾਂਦਾ ਹੈ। ਪਿਛਲੇ ਕਰੀਬ 2 ਮਹੀਨਿਆਂ ਤੋਂ ਗੁਰਦੁਆਰਾ ਸਾਹਿਬ ਦੀ ਇਮਾਰਤ 'ਤੇ ਟਾਇਲਾਂ ਲਾਉਣ ਲਈ ਕਾਰੀਗਰ ਕੰਮ ਕਰ ਰਹੇ ਹਨ। ਬੀਤੀ ਸ਼ਾਮ ਨੂੰ ਪੁਰਾਣੀ ਗੁਰਦੁਆਰਾ ਕਮੇਟੀ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ 'ਤੇ 'ਸਤਿਨਾਮ ਵਾਹਿਗੁਰੂ' ਅਤੇ ਧਾਰਮਿਕ ਚਿੰਨ੍ਹ ਖੰਡਾ ਸਾਹਿਬ ਵਾਲੀਆਂ ਟਾਇਲਾਂ ਲਾਈਆਂ ਗਈਆਂ ਸਨ। ਇਨ੍ਹਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕਰਦਿਆਂ ਤੋੜ ਦਿੱਤਾ ਗਿਆ ਹੈ। ਜੇਕਰ ਕਿਸੇ ਨੂੰ ਟਾਇਲਾਂ ਵਿਚ ਕੋਈ ਕਮੀ ਨਜ਼ਰ ਆਈ ਸੀ ਤਾਂ ਧਾਰਮਿਕ ਮਰਿਆਦਾਵਾਂ ਦਾ ਖਿਆਲ ਰਖਦੇ ਹੋਏ ਇਨ੍ਹਾਂ ਟਾਇਲਾਂ ਨੂੰ ਸਹੀ ਢੰਗ ਨਾਲ ਉਤਾਰਨਾ ਬਣਦਾ ਸੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਸਿੱਧੇ ਤੌਰ 'ਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਹੈ। 
ਇਸ ਦੀ ਸ਼ਿਕਾਇਤ ਉਨ੍ਹਾਂ ਨੇ ਗਾਜੇਵਾਸ ਪੁਲਸ ਚੌਕੀ ਵਿਖੇ ਡੀ. ਐੈੱਸ. ਪੀ. ਸਮਾਣਾ ਦਫਤਰ, ਐੈੱਸ. ਐੈੱਸ. ਪੀ. ਪਟਿਆਲਾ ਦਫਤਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਕੋਲ ਭੇਜ ਕੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਦੂਜੀ ਧਿਰ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ 'ਤੇ ਕਿਸੇ ਦਾ ਨਾਂ ਨਹੀਂ ਲਿਖਿਆ ਜਾ ਸਕਦਾ। 


Related News