ਕਾਂਗਰਸ ''ਚ ਨਵਾਂ ਬਵਾਲ, ਅਮਰਿੰਦਰ ਦੇ ਦਫਤਰ ''ਚ ਹੋਇਆ ਸੁਨੀਲ ਜਾਖੜ ਦਾ ਅਪਮਾਨ
Thursday, Apr 12, 2018 - 11:27 AM (IST)

ਜਲੰਧਰ/ਚੰਡੀਗੜ੍ਹ (ਚੋਪੜਾ, ਰਵਿੰਦਰ, ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਸੂਬੇ ਦੇ ਵਿਧਾਇਕਾਂ ਅਤੇ ਵਰਕਰਾਂ ਵਿਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਕੈਪਟਨ ਆਪਣੇ ਕੈਂਪ ਵਿਚ ਹੀ ਹੋ ਰਹੀ ਲੀਕੇਜ ਤੋਂ ਇੰਨੇ ਪ੍ਰੇਸ਼ਾਨ ਹਨ ਕਿ ਉਹ ਆਪਣੇ ਦਫਤਰ ਅਤੇ ਨਿਵਾਸ ਵਿਖੇ ਖੁਫੀਆ ਗੱਲਾਂ ਨੂੰ ਬਾਹਰ ਜਾਣ ਤੋਂ ਰੋਕਣ ਨੂੰ ਲੈ ਕੇ ਅਤਿਅੰਤ ਚੌਕਸ ਰਹਿਣ ਲੱਗ ਪਏ ਹਨ। ਮੁੱਖ ਮੰਤਰੀ ਦੇ ਕੁਝ ਹੁਕਮਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਤੱਕ ਉੱਤੇ ਯਕੀਨ ਨਹੀਂ ਰਿਹਾ।
ਬੁੱਧਵਾਰ ਅਜਿਹੀ ਹੀ ਵਾਪਰੀ ਇਕ ਘਟਨਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਆਪਣੇ ਖਾਸ ਅਤੇ ਸੂਬਾਈ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਐੱਮ. ਪੀ. ਨੂੰ ਵੀ ਨਾਰਾਜ਼ ਕਰ ਬੈਠੇ। ਜਾਖੜ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਸਨ ਪਰ ਉਨ੍ਹਾਂ ਨੂੰ ਸੀ. ਐੱਮ. ਦੀ ਸਕਿਓਰਿਟੀ ਵਾਲਿਆਂ ਨੇ ਮੋਬਾਇਲ ਫੋਨ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਕਮਰੇ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ।
ਸੂਤਰਾਂ ਦੀ ਮੰਨੀਏ ਤਾਂ ਉਥੇ ਮੌਜੂਦ ਅਧਿਕਾਰੀਆਂ ਨੇ ਜਾਖੜ ਨੂੰ ਆਪਣਾ ਮੋਬਾਇਲ ਫੋਨ ਬਾਹਰ ਰੱਖ ਕੇ ਅੰਦਰ ਜਾਣ ਲਈ ਕਿਹਾ। ਇਸ ਘਟਨਾ ਤੋਂ ਬੇਹੱਦ ਪ੍ਰੇਸ਼ਾਨ ਹੋਏ ਜਾਖੜ ਨੇ ਸੁਰੱਖਿਆ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਰੋਕੇ ਜਾਣ ਨੂੰ ਆਪਣਾ ਅਪਮਾਨ ਸਮਝਿਆ। ਜਾਖੜ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਦੇ ਕਮਰੇ ਵਿਚ 10 ਮਿੰਟ ਤੱਕ ਬੈਠੇ ਰਹੇ ਅਤੇ ਫਿਰ ਮੁੱਖ ਮੰਤਰੀ ਨੂੰ ਮਿਲੇ ਬਿਨਾਂ ਹੀ ਵਾਪਸ ਚਲੇ ਗਏ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣੇ ਸਵਾ ਸਾਲ ਹੋ ਗਿਆ ਹੈ। ਮੁੱਖ ਮੰਤਰੀ ਨੇ ਜਿਸ ਤਰ੍ਹਾਂ ਕਾਂਗਰਸੀ ਵਿਧਾਇਕਾਂ ਅਤੇ ਵਰਕਰਾਂ ਤੋਂ ਦੂਰੀ ਬਣਾਈ ਹੋਈ ਹੈ, ਉਸ ਕਾਰਨ ਕਾਂਗਰਸ ਵਿਚ 'ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ' ਵਰਗੀ ਹਾਲਤ ਬਣੀ ਹੋਈ ਹੈ। ਕਾਂਗਰਸੀ ਵਰਕਰਾਂ ਦੀ ਤਾਂ ਛੱਡੋ, ਵਿਧਾਇਕਾਂ ਤੱਕ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਜੇ ਮੁੱਖ ਮੰਤਰੀ ਦਫਤਰ ਵਿਚ ਸੂਬਾਈ ਕਾਂਗਰਸ ਦੇ ਪ੍ਰਧਾਨ ਅਤੇ ਐੱਮ. ਪੀ. ਨਾਲ ਅਜਿਹਾ ਰਵੱਈਆ ਅਪਣਾਇਆ ਜਾਂਦਾ ਹੈ ਤਾਂ ਇਹ ਸਵਾਲ ਉਠਦਾ ਹੈ ਕਿ ਕਾਂਗਰਸ ਪਾਰਟੀ ਦੀ ਆਪਣੀ ਹੀ ਸਰਕਾਰ ਵਿਚ ਕੀ ਅਹਿਮੀਅਤ ਹੈ? ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਨੇ ਜਾਖੜ ਦੀ ਨਾਰਾਜ਼ਗੀ ਦੂਰ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਅੰਦਰ ਉਠਿਆ ਨਵਾਂ ਬਵਾਲ ਕੀ ਰੰਗ ਲਿਆਏਗਾ।