ਰਾਵਣ ਨੂੰ ਸਾੜਨ ਵੇਲੇ ਵਾਪਰੀ ਘਟਨਾ, ਅੱਗ ਲਗਾਉਂਦੇ ਹੀ ਹੋਇਆ ਧਮਾਕਾ (ਵੀਡੀਓ)
Sunday, Oct 25, 2020 - 07:51 PM (IST)
ਬਟਾਲਾ, (ਬੇਰੀ, ਜ. ਬ.)- ਦੁਸਹਿਰੇ ਮੌਕੇ ਜਿਥੇ ਹਰ ਸ਼ਹਿਰ ਗਲੀ ਮੁਹੱਲੇ 'ਚ ਰਾਵਣ ਦੇ ਪੁਤਲੇ ਫੂਕ ਕੇ ਦੁਸਹਿਰੇ ਦਾ ਤਿਓਹਾਰ ਮਨਾਇਆ ਜਾ ਰਿਹਾ ਸੀ, ਉਥੇ ਹੀ ਬਟਾਲਾ 'ਚ ਇਸ ਦੌਰਾਨ ਇਕ ਹਾਦਸਾ ਵਾਪਰ ਗਿਆ। ਇਸ ਮੌਕੇ ਵਿਧਾਇਕ ਅਸ਼ਵਨੀ ਸੇਖੜੀ ਵੀ ਮੌਜੂਦ ਸਨ। ਰਾਵਣ ਦੇ ਪੁਤਲੇ ਨੂੰ ਜਦੋਂ ਅੱਗ ਲਗਾਈ ਗਈ ਤਾਂ ਪੁਤਲੇ 'ਚ ਅਚਾਨਕ ਧਮਾਕਾ ਹੋ ਗਿਆ ਅਤੇ ਇਸ ਦੌਰਾਨ ਲੋਕਾਂ 'ਚ ਭੱਜਦੜ ਮਚ ਗਈ ਤੇ ਇਸ ਵਿਚਾਲੇ ਵਿਧਾਇਕ ਸੇਖੜੀ ਨੇ ਵੀ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਜਾਣਕਾਰੀ ਮੁਤਾਬਕ ਸ਼ਹਿਰ ਸਥਾਨਕ ਆਰ. ਡੀ. ਖੋਸਲਾ ਸਕੂਲ ਦੇ ਸਾਹਮਣੇ ਸਥਿਤ ਪਲੇਅ ਗਰਾਊਂਡ ’ਚ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਜਦੋਂ ਰਾਵਣ ਨੂੰ ਅਗਨੀ ਭੇਟ ਕਰਨ ਦੀ ਸ਼ੁਰੂਆਤ ਕੀਤੀ ਤਾਂ ਅਚਾਨਕ ਪੁਤਲੇ ’ਚੋਂ ਬਲਾਸਟ ਹੋ ਗਿਆ, ਜਿਸ ਨਾਲ ਉੱਥੇ ਮੌਜੂਦ ਲੋਕਾਂ ’ਚ ਭੱਜਦੜ ਮੱਚ ਗਈ ਅਤੇ ਇਸ ਦੌਰਾਨ ਅਸ਼ਵਨੀ ਸੇਖੜੀ ਵੀ ਜ਼ਮੀਨ ’ਤੇ ਡਿੱਗ ਗਏ, ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਚੁੱਕ ਕੇ ਸੁਰੱਖਿਅਤ ਥਾਂ ’ਤੇ ਲਿਆਂਦਾ ਗਿਆ।
ਜ਼ਿਕਰਯੋਗ ਹੈ ਕਿ ਮੌਕੇ ’ਤੇ ਤਾਇਨਾਤ ਪੁਲਸ ਮੁਲਾਜ਼ਮ ਅਤੇ ਪੱਤਰਕਾਰ, ਜੋ ਕਵਰੇਜ ਕਰ ਰਹੇ ਸਨ, ਵੀ ਆਪਣੀ ਜਾਨ ਬਚਾ ਕੇ ਭਜਦੇ ਨਜ਼ਰ ਆਏ। ਰਾਹਤ ਵਾਲੀ ਗੱਲ ਇਹ ਰਹੀ ਕਿ ਮੌਕੇ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਉੱਥੇ ਮੌਜੂਦ ਸੀ ਅਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।