ਅਕਾਲੀ ਆਗੂ ਦੇ ਘਰ ਵਾਪਰੀ ਗੁੱਤ ਕੱਟੇ ਜਾਣ ਦੀ ਘਟਨਾ
Tuesday, Aug 15, 2017 - 07:32 AM (IST)

ਸ੍ਰੀ ਚਮਕੌਰ ਸਾਹਿਬ, (ਕੌਸ਼ਲ)- ਬੀਤੀ ਰਾਤ ਗੁੱਤ ਕੱਟੇ ਜਾਣ ਦੀ ਘਟਨਾ ਇਥੋਂ ਨੇੜੇ ਵਗਦੇ ਸਤਲੁਜ ਦਰਿਆ ਦੇ ਕੰਢੇ ਵੱਸਦੇ ਪਿੰਡ ਗੋਬਿੰਦਗੜ੍ਹ ਕੁਲਚੀਆ ਦੇ ਹਿੰਮਤ ਸਿੰਘ ਰਾਜਾ ਜ਼ਿਲਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਗਰੇਵਾਲ ਦੇ ਘਰ ਵਾਪਰੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਸਾਥੀ ਭੁਪਿੰਦਰ ਸਿੰਘ ਬਜਰੂੜ ਉਪਰੋਕਤ ਫੈੱਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਨੇ ਦੱਸਿਆ ਕਿ ਹਿੰਮਤ ਸਿੰਘ ਰਾਜਾ ਦੀ ਧਰਮਪਤਨੀ ਜਸਵਿੰਦਰ ਕੌਰ ਬੀਤੀ ਰਾਤ ਲਗਭਗ 8 ਵਜੇ ਆਪਣੇ ਹੋਰ ਪਰਿਵਾਰਕ ਮੈਂਬਰਾਂ 'ਤੇ ਬੱਚਿਆਂ ਨਾਲ ਗੱਲਾਂ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਸਿਰ ਨੂੰ ਝਟਕਾ ਲੱਗਿਆ ਤੇ ਉਹ ਚੀਖ ਉੱਠੇ ਅਤੇ ਪਿੱਛੇ ਨੂੰ ਡਿਗ ਕੇ ਬੇਹੋਸ਼ ਹੋ ਗਏ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਿਸਤਰ 'ਤੇ ਲਿਟਾਇਆ ਅਤੇ ਹੋਸ਼ ਵਿਚ ਲਿਆਂਦਾ। ਇਸ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਗੁੱਤ ਦੇ ਕੁਝ ਵਾਲ ਕੱਟੇ ਹੋਏ ਸਨ। ਉਪਰੰਤ ਅੱਜ ਸਵੇਰੇ ਲਗਭਗ 10 ਵਜੇ ਉਪਰੋਕਤ ਘਟਨਾ ਫਿਰ ਦੁਬਾਰਾ ਵਾਪਰੀ ਅਤੇ ਕੁਝ ਹੋਰ ਵਾਲ ਕੱਟੇ ਗਏ। ਇਸ ਘਟਨਾ ਨਾਲ ਉਪਰੋਕਤ ਜਸਵਿੰਦਰ ਕੌਰ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਨੂੰ ਰੋਪੜ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲੇ ਤਕ ਉਨ੍ਹਾਂ ਨੂੰ ਇਸ ਘਟਨਾ ਦੀ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਦੀ ਸੂਚਨਾ ਮਿਲਣ 'ਤੇ ਉਹ ਤੁਰੰਤ ਜਾਂਚ ਕਰਵਾਉਣਗੇ।