ਕਾਂਗਰਸੀ ਆਗੂ ਨੂੰ ਗ੍ਰਿਫਤਾਰ ਨਾ ਕਰਨ ਵਿਰੁੱਧ ਭੁੱਖ ਹੜਤਾਲ
Sunday, Jan 07, 2018 - 02:08 AM (IST)

ਗੜਸ਼ੰਕਰ, (ਬੈਜ ਨਾਥ)- ਮੈਂ ਪਿਛਲੇ ਸੱਤ ਹਫਤਿਆਂ ਤੋਂ ਇਨਸਾਫ ਲੈਣ ਲਈ ਐੱਸ. ਐੱਚ. ਓ., ਡੀ. ਐੱਸ. ਪੀ., ਐੱਸ. ਐੱਸ. ਪੀ. ਤੇ ਹੋਰ ਉੱਚ ਪੁਲਸ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਲਾ-ਲਾ ਕੇ ਥੱਕ ਗਈ ਹਾਂ। ਇਸ ਲਈ ਮੈਂ ਮਜਬੂਰ ਹੋ ਕੇ 8 ਜਨਵਰੀ ਸੋਮਵਾਰ ਤੋਂ ਡੀ. ਐੱਸ. ਪੀ. ਦਫਤਰ ਗੜ੍ਹਸ਼ੰਕਰ ਸਾਹਾਮਣੇ ਭੁੱਖ ਹੜਤਾਲ 'ਤੇ ਬੈਠਣ ਦਾ ਫੈਸਲਾ ਕੀਤਾ ਹੈ। ਇਹ ਕਹਿਣਾ ਹੈ ਪਿੰਡ ਬੀਰਮਪੁਰ ਦੀ ਆਸ਼ਾ ਵਰਕਰ ਰੇਖਾ ਰਾਣੀ ਦਾ। ਪ੍ਰੈੱਸ ਨੂੰ ਹਲਫੀਆ ਬਿਆਨ ਜਾਰੀ ਕਰਨ ਵੇਲੇ ਦੁੱਖੀ ਲਹਿਜੇ ਵਿਚ ਪੀੜਤਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਕ ਪੀੜਤ ਗਰੀਬ ਤੇ ਦਲਿਤ ਔਰਤ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੇ ਕਿਹਾ ਕਿ ਮੇਰੇ ਨਾਲ ਕ੍ਰਿਸ਼ਨ ਸਹੋਤਾ ਪਿੰਡ ਸਤਨੌਰ ਨੇ ( ਜੋ ਆਪਣੇ ਆਪ ਨੂੰ ਪੰਜਾਬ ਕਾਂਗਰਸ ਦਾ ਸਕੱਤਰ ਦੱਸਦਾ ਹੈ, ਦਫ਼ਤਰ ਸੱਦ ਕੇ ਅਸ਼ਲੀਲ ਹਰਕਤਾਂ ਕੀਤੀਆਂ ਤੇ ਧਮਕੀਆਂ ਦਿੱਤੀਆਂ ਤੇ ਮੈਂ 8 ਅਕਤੂਬਰ ਨੂੰ ਐਸ ਐਸ ਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ। ਜਿਸ 'ਤੇ 16 ਅਕਤੂਬਰ ਨੂੰ ਧਾਰਾ 354,376,511 ਤੇ 506 ਅਧੀਨ ਪਰਚਾ ਤਾਂ ਦਰਜ ਕਰ ਲਿਆ ਗਿਆ। ਪਰ ਅੱਜ ਤੱਕ ਪੁਲਸ ਨੇ ਜਾਂਚ ਦੇ ਨਾਂ 'ਤੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਮੁਲਜ਼ਮ ਆਪਣੀ ਰਾਜਨੀਤਕ ਪਹੁੰਚ ਕਾਰਣ ਪੁਲਸ ਗ੍ਰਿਫਤ ਤੋਂ ਬਾਹਰ ਹੈ। ਮੇਰੇ ਪਤੀ 'ਤੇ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਿਹਾ ਹੈ ਤੇ ਧਮਕੀਆਂ ਦੇ ਰਿਹਾ ਹੈ। ਆਖਰ ਤੰਗ ਆ ਕੇ ਮੈਨੂੰ ਭੁੱਖ ਹੜਤਾਲ 'ਤੇ ਬੈਠਣ ਦਾ ਫੈਸਲਾ ਕਰਨਾ ਪਿਆ, ਮੈਂ ਉਦੋਂ ਤੱਕ ਭੁੱਖ ਹੜਤਾਲ ਖਤਮ ਨਹੀਂ ਕਰਾਂਗੀ, ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ।
ਕੀ ਕਹਿੰਦੇ ਨੇ ਡੀ. ਐੱਸ. ਪੀ. : ਸੰਪਰਕ ਕਰਨ 'ਤੇ ਡੀ. ਐੱਸ. ਪੀ. ਗੜ੍ਹਸ਼ੰਕਰ ਰਾਜ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਵਿਚ ਡੀ. ਐੱਸ. ਪੀ. ਹੈÎਡਕੁਆਟਰ ਜੰਗ ਬਹਾਦਰ ਸਮੇਤ ਇਕ ਮਹਿਲਾ ਕਰਮਚਾਰੀ ਹੈ ਤੇ ਕਮੇਟੀ ਜਾਂਚ ਕਰ ਰਹੀ ਹੈ। ਜਿੱਥੋਂ ਤਕ ਗ੍ਰਿਫ਼ਤਾਰੀ ਦਾ ਸਬੰਧ ਹੈ, ਕ੍ਰਿਸ਼ਨ ਸਹੋਤਾ ਰੂਪੋਸ਼ ਹੋ ਗਿਆ ਸੀ ਤੇ ਅੱਜ ਤੱਕ ਘਰ ਨਹੀਂ ਵੜਿਆ। ਜਦੋਂ ਵੀ ਪੁਲਸ ਨੂੰ ਮਿਲਿਆ ਤਾਂ ਗ੍ਰਿਫਤਾਰ ਕਰ ਲਿਆ ਜਾਵੇਗਾ।