ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲੇ-ਮਹੱਲੇ ਦਾ ਅੱਜ ਤੋਂ ਹੋਇਆ ਆਗਾਜ਼
Sunday, Mar 24, 2024 - 02:51 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲਾ ਅੱਜ ਖਾਲਸੇ ਦੇ ਜਨਮ ਸਥਾਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੀ ਸ਼ਾਨੋ-ਸ਼ੌਕਤ ਅਤੇ ਖ਼ਾਲਸਾਈ ਪ੍ਰੰਪਰਾਵਾਂ ਨਾਲ ਆਰੰਭ ਹੋਇਆ। ਤਿੰਨ ਰੋਜ਼ਾ ਇਸ ਕੌਮੀ ਜੋੜ ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਪਹੁੰਚ ਰਹੀਆਂ ਸੰਗਤਾਂ ਦੀ ਰਿਹਾਇਸ਼, ਲੰਗਰ, ਜੋੜਾ-ਘਰ, ਗਠੜੀ ਘਰ ਅਤੇ ਸੁਰੱਖਿਆ ਆਦਿ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਜ਼ਿਲਾ ਰੂਪਨਗਰ ਪ੍ਰਸ਼ਾਸਨ ਵੱਲੋਂ ਉਚੇਚੇ ਤੌਰ ’ਤੇ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ।
ਮੇਲੇ ਦੌਰਾਨ ਹੋਣ ਵਾਲੇ ਧਾਰਮਿਕ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਦੱਸਿਆ ਕਿ ਅੱਜ 24 ਮਾਰਚ ਨੂੰ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਉਪਰੰਤ ਗੁਰੂ ਸਾਹਿਬ ਦੇ ਪਾਵਨ ਦਰਸ਼ਨਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਉਪਰੰਤ ਸਵੇਰੇ 10 ਵਜੇ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ, ਜਿਸ ਦੇ ਭੋਗ 26 ਮਾਰਚ ਨੂੰ ਸਵੇਰੇ 8 ਵਜੇ ਪੈਣਗੇ। ਇਸ ਦੌਰਾਨ ਤਖ਼ਤ ਸਾਹਿਬ ਵਿਖੇ ਲਗਾਤਾਰ ਧਾਰਮਿਕ ਸਮਾਗਮਾਂ ਚਲਦੇ ਰਹਿਣਗੇ।
ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫ਼ਾਸ਼, 4 ਵਿਅਕਤੀ ਹਥਿਆਰਾਂ ਸਣੇ ਗ੍ਰਿਫ਼ਤਾਰ
ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਰੋਡੇ, ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਮੀਤ ਮੈਨੇਜਰ ਐਡਵੋਕੇਅ ਜਸਵੀਰ ਸਿੰਘ ਅਤੇ ਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਉਕਤ ਸਮਾਗਮਾਂ ਦੌਰਾਨ ਤਖ਼ਤ ਸਾਹਿਬ ਵਿਖੇ ਹਰ ਰੋਜ ‘ਅੰਮ੍ਰਿਤ ਦਾ ਬਾਟਾ’ ਤਿਆਰ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਦਿਨ ਦੇ ਸਮਾਗਮਾਂ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 24 ਮਾਰਚ ਰਾਤ 10 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ 3 ਵਜੇ ਤੱਕ ਕੀਰਤਨ (ਕਲਿਆਣ ਚੌਕੀ ’ਤੇ ਅਖੰਡ ਕੀਰਤਨੀ ਜਥਾ) ਸਮਾਗਮ ਹੋਵੇਗਾ ਜਿਸ ਪੰਥ ਪ੍ਰਸਿੱਧ ਰਾਗੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਣਾ ਕਰਨਗੇ ।
25 ਮਾਰਚ ਨੂੰ ਤਖ਼ਤ ਸਾਹਿਬ ਵਿਖੇ ਖੁੱਲ੍ਹੇ ਮੈਦਾਨ ਅੰਦਰ ਸਜਾਏ ਸੁੰਦਰ ਪੰਡਾਲ ’ਚ ਸਵੇਰੇ 3 ਵਜੇ ਲੈ ਕੇ ਦੇਰ ਰਾਤ ਤੱਕ ਸ਼ਬਦ ਕੀਰਤਨ ਅਤੇ ਕਵੀ ਸਮਾਗਮ ਵੀ ਹੋਵੇਗਾ। 26 ਮਾਰਚ ਰਾਤ ਦੇ 9 ਵਜੇ ਤੋਂ ਅੰਮ੍ਰਿਤ ਵੇਲੇ 1 ਵਜੇ ਤੱਕ ਕਵੀ ਦਰਬਾਰ ਹੋਵੇਗਾ ਅਤੇ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ’ਚ ਖ਼ਾਲਸਾਈ ਅਤੇ ਪੁਰਾਤਨ ਪ੍ਰੰਪਰਾਵਾਂ ਅਨੁਸਾਰ ਮਹੱਲਾ ਸਜਾਇਆ ਜਾਵੇਗਾ। ਹੋਲੇ-ਮਹੱਲੇ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਜ਼ਿਲਾ ਪ੍ਰਸ਼ਾਸਨ ਵੀ ਪੱਬਾਂ ਭਾਰ ਨਜਰ ਆ ਰਿਹਾ ਹੈ । ਮੇਲੇ ਖੇਤਰ ਅੰਦਰ ਸਾਫ਼ ਸਫਾਈ, ਪੀਣ ਵਾਲੇ ਪਾਣੀ, ਆਵਾਜਾਈ, ਸੁਰੱਖਿਆ ਪ੍ਰਬੰਧ, ਸਿਹਤ ਸਹੂਲਤਾਂ ਦੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਜ਼ਿਲਾ ਪੁਲਸ ਮੁੱਖੀ ਗੁਲਨੀਤ ਸਿੰਘ ਖੁਰਾਨਾ ਵੱਲੋਂ ਖੁਦ ਨਿਗਰਾਨੀ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅੰਤ ਤੱਕ ਭਿਆਨਕ ਗਰਮੀ ਨਾਲ ਹੋ ਸਕਦੀ ਹੈ 1 ਕਰੋੜ ਤੋਂ ਵੱਧ ਲੋਕਾਂ ਦੀ ਮੌਤ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ 25 ਅਤੇ 26 ਮਾਰਚ ਨੂੰ ਗੁਰਦੁਆਰਾ ਗੁਰੂ ਕਾ ਬਾਗ, ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਜਾਣਗੇ। ਜਥੇਦਾਰ ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ ਸੰਪਰਾਇ, ਮਿਸ਼ਲ ਸ਼ਾਹੀਦਾਂ ਤਰਨਾ ਦਲ ਹਰੀਆਂ ਵੇਲਾ ਦੇ ਵਾਲੇ ਆਦਿ ਆਪਣੇ ਆਪਣੇ ਦਲਾਂ ਸਮੇਤ ਨਿਹੰਗ ਸਿੰਘ ਛਾਉਣੀਆਂ ’ਚ ਸੱਜ ਗਏ ਹਨ। ਮੈਨੇਜਰ ਤਖ਼ਤ ਸਾਹਿਬ ਸ. ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕਿ ਹੋਲੇ ਮਹੱਲੇ ਦੇ ਉਕਤ ਸਮਾਗਮਾਂ ਮੌਕੇ ਇਥੋਂ ਦੇ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਦੇਸ਼ ਵਿਦੇਸ਼ ਦੀਆਂ ਵੱਡੀ ਗਿਣਤੀ ਸੰਗਤਾਂ ਸਥਾਨਕ ਧਾਰਮਿਕ ਅਸਥਾਨਾਂ ਜਿਨ੍ਹਾਂ ’ਚ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ, ਗੁਰਦੁਆਰਾ ਕਿਲਾ ਲੋਹਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਹੋਲਗੜ੍ਹ ਸਾਹਿਬ, ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਆਦਿ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ । ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਲੰਗਰਾਂ, ਸੰਗਤਾਂ ਦੀ ਰਿਹਾਇਸ਼ ਆਦਿ ਦੇ ਸਰਾਂਵਾਂ ਅਤੇ ਨਿੱਜੀ ਰਿਹਾਇਸ਼ਾਂ ’ਤੇ ਪ੍ਰਬੰਧ ਕੀਤੇ ਗਏ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਉਕਤ ਤੋਂ ਇਲਾਵਾ ਸੂਚਨਾ ਅਫਸਰ ਹਰਪ੍ਰੀਤ ਸਿੰਘ, ਚੰਦਰਪਾਲ ਸਿੰਘ, ਸਰੂਪ ਸਿੰਘ, ਸੁਖਬੀਰ ਸਿੰਘ ਜਿੰਦਵੜੀ, ਲੇਖਾਕਾਰ ਭੁਪਿੰਦਰ ਸਿੰਘ, ਸ਼ੁਮਨਦੀਪ ਸਿੰਘ ਸਾਬੀ, ਦਵਿੰਦਰ ਸਿੰਘ ਢਿੱਲੋਂ, ਸੁਖਵੀਰ ਸਿੰਘ ਕਲਮਾਂ, ਤਲਵਿੰਦਰ ਸਿੰਘ, ਜਗਨੰਦਨ ਸਿੰਘ ਸੰਧੂ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਗੁਜਰਾਤ 'ਚ ਪੰਜਾਬ ਦੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਨਹਿਰ 'ਚ ਪਲਟੀ ਕੰਬਾਇਨ, 3 ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8