ਦੁਨੀਆ ਦੇ ਸਭ ਤੋਂ ਉੱਚੇ ਸ੍ਰੀ ਨਿਸ਼ਾਨ ਸਾਹਿਬ ਦੇ ਕਰੋ ਦਰਸ਼ਨ (ਵੀਡੀਓ)

Thursday, Mar 31, 2016 - 02:34 PM (IST)

ਦੁਨੀਆ ਦੇ ਸਭ ਤੋਂ ਉੱਚੇ ਸ੍ਰੀ ਨਿਸ਼ਾਨ ਸਾਹਿਬ ਦੇ ਕਰੋ ਦਰਸ਼ਨ (ਵੀਡੀਓ)

ਜਲੰਧਰ : ਮਹਿਤਪੁਰ ਇਲਾਕੇ ਦੇ ਪਿੰਡ ਬੁਲੰਦਪੁਰੀ ਸਾਹਿਬ ਵਿਚ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ''ਚ ਦੁਨੀਆ ਦਾ ਸਭ ਤੋਂ ਉੱਚਾ ਸ੍ਰੀ ਨਿਸ਼ਾਨ ਸਾਹਿਬ ਸਥਾਪਤ ਕੀਤਾ ਗਿਆ ਹੈ। 255 ਫੁੱਟ ਉੱਚੇ ਇਸ ਨਿਸ਼ਾਨ ਸਾਹਿਬ ਦੇ ਦਰਸ਼ਨ 3 ਕਿਲੋਮੀਟਰ ਦੀ ਦੂਰੀ ਤੋਂ ਹੀ ਹੋ ਜਾਂਦੇ ਹਨ। ਇਸਦਾ ਵਜ਼ਨ 21.21 ਟਨ ਹੈ, ਜਦਕਿ ਦੂਨੀਆ ਦਾ ਦੂਜਾ ਸਭ ਤੋਂ ਉੱਚਾ ਸ੍ਰੀ ਨਿਸ਼ਾਨ ਸਾਹਿਬ, ਜਿਸਦੀ ਉਚਾਈ 135 ਫੁੱਟ ਹੈ, ਓਂਟਰੀਓ ਵਿਚ ਹੈ। 
ਇਸ ਸ੍ਰੀ ਨਿਸ਼ਾਨ ਸਾਹਿਬ ਦੀ ਵਿਸ਼ੇਸ਼ਤਾ ਹੈ ਕਿ ਇਸਨੂੰ ਹਾਈਡ੍ਰੋਲਿਕ ਜੈਕ ਨਾਲ ਉੱਪਰ ਤੇ ਹੇਠਾਂ ਕੀਤਾ ਜਾ ਸਕਦਾ ਹੈ। ਤੇਜ਼ ਹਵਾਵਾਂ ਤੇ ਬਾਰਿਸ਼ ਨਾਲ ਇਸਦੀ ਫਰਲ ਦਾ ਕੱਪੜਾ ਫਟਦਾ ਨਹੀਂ। ਸ੍ਰੀ ਨਿਸ਼ਾਨ ਸਾਹਿਬ ਦਾ ਹੇਠਲਾ ਪੋਲ 5.4 ਫੁੱਟ ਦਾ ਹੈ ਜਦਕਿ ਇਸ ''ਤੇ ਲੱਗਾ ਖੰਡਾ ਸਾਹਿਬ 9.5 ਫੁੱਟ ਦਾ ਅਤੇ ਧੁਰਾ 2 ਫੁੱਟ ਇਕ ਇੰਚ ਦਾ ਹੈ।  
ਇਸ ਸ੍ਰੀ ਨਿਸ਼ਾਨ ਸਾਹਿਬ ਨੂੰ 450 ਮੀਟਰ ਕੱਪੜਾ ਲੱਗਦਾ ਹੈ, ਜਿਸਨੂੰ ਚੜ੍ਹਾਉਣ ਲਈ ਲੱਗਭਗ ਪੌਣਾ ਘੰਟਾ ਲੱਗਦਾ ਹੈ। ਇਸਦੇ ਫਰਲ ਦੀ ਲੰਬਾਈ 29 ਫੁੱਟ ਹੈ। ਹਾਈਡ੍ਰੋਲਿਕ ਹੋਣ ਕਰਕੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਵੀ ਹੈ। ਇਸ ਨਿਸ਼ਾਨ ਸਾਹਿਬ ਦਾ ਡਿਜ਼ਾਈਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਨੇ ਬਣਾਇਆ ਹੈ ਜਦਕਿ ਇਸਨੂੰ ਚੀਨ ਵਿਚ ਬਣਾਇਆ ਗਿਆ ਹੈ। ਇਸਦੇ ਨਿਰਮਾਣ ਵਿਚ ਪੂਰੇ ਛੇ ਮਹੀਨੇ ਲੱਗੇ ਸਨ।
ਇਸਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ 10 ਹਾਲ ਹਨ। ਇਨ੍ਹਾਂ ਵਿਚੋਂ ਸ਼ੀਸ਼ ਮਹੱਲ ਨਾਂ ਦੇ ਹਾਲ ਵਿਚ ਮਹਾਪੁਰਖਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਜਦਕਿ ਉੱਤਰੀ-ਦੱਖਣੀ ਤੇ ਪੱਛਮੀ ਹਾਲ ਵਿਚ ਹਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਹੁੰਦੇ ਹਨ। ਇਸਤੋਂ ਬਿਨਾਂ ਅੰਮ੍ਰਿਤ ਸੰਚਾਰ ਹਾਲ, ਸਦ ਪ੍ਰਕਾਸ਼ ਹਾਲ, ਭਾਈ ਮਰਦਾਨਾ ਜੀ ਹਾਲ, ਬੇਬੇ ਨਾਨਕੀ ਡਿਓਡੀ, ਮਾਤਾ ਗੁਜਰੀ ਹਾਲ, ਗਗਨ ਹਾਲ, ਪਾਲਕੀ ਹਾਲ ਅਤੇ ਹਵਾ ਮਹੱਲ ਸ਼ਾਮਲ ਹਨ।


Related News