ਜੀ. ਐੱਮ. ਸੀ. ਐੱਚ.-32 ''ਚ ਦਾਖਲੇ ਨੂੰ ਲੈ ਕੇ ਹੈਲਥ ਸੈਕਟਰੀ ਤੇ ਪ੍ਰਿੰਸੀਪਲ ਨੂੰ ਹਾਈ ਕੋਰਟ ਦਾ ਨੋਟਿਸ

Tuesday, Jun 26, 2018 - 06:57 AM (IST)

ਚੰਡੀਗੜ੍ਹ, (ਰਮੇਸ਼ ਹਾਂਡਾ)- ਚੰਡੀਗੜ੍ਹ ਦੀ ਨਿਵਾਸੀ ਅਤੇ ਇਥੋਂ  ਬਾਹਰਵੀਂ ਤਕ ਸਕੂਲੀ ਸਿੱਖਿਆ ਲੈ ਕੇ ਨੀਟ ਐਂਟਰੈਂਸ ਕਲੀਅਰ ਕਰਨ ਤੋਂ ਬਾਅਦ ਸੌਭਿਯਾ ਕਮਲ ਨਾਮੀ ਵਿਦਿਆਰਥਣ ਨੂੰ ਮੈਡੀਕਲ ਕਾਲਜ ਸੈਕਟਰ-32 'ਚ ਮੈਰਿਟ ਦੇ ਆਧਾਰ 'ਤੇ ਕਾਊਂਸਲਿੰਗ ਲਈ ਨਹੀਂ ਚੁਣਿਆ ਗਿਆ ਕਿਉਂਕਿ ਚੰਡੀਗੜ੍ਹ ਪੂਲ ਤੋਂ ਉਨ੍ਹਾਂ ਵਿਦਿਆਰਥੀਆਂ ਨੂੰ ਮੈਰਿਟ ਮਿਲ ਗਈ, ਜੋ ਚੰਡੀਗੜ੍ਹ ਦੇ ਨਿਵਾਸੀ ਨਹੀਂ ਹਨ ਪਰ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਾਨਤਾ ਪ੍ਰਾਪਤ ਸਕੂਲਾਂ ਤੋਂ 12ਵੀ ਪਾਸ ਕੀਤੀ ਹੈ। 
ਸੌਭਿਯਾ ਵੱਲੋਂ ਹਾਈ ਕੋਰਟ 'ਚ ਦਾਖਲ ਕੀਤੀ ਗਈ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਹ ਹੋਣਹਾਰ ਵਿਦਿਆਰਥਣ ਹੈ, ਜਿਸਨੇ 10ਵੀਂ ਦੀ ਪ੍ਰੀਖਿਆ ਸੈਕਟਰ-40 ਸਥਿਤ ਡੀ. ਪੀ. ਐੱਸ. ਤੋਂ 10 ਸੀ. ਜੀ. ਪੀ. ਏ. ਨਾਲ ਪਾਸ ਕੀਤੀ।  ਇਸ ਤੋਂ ਬਾਅਦ ਸੈਕਟਰ-35 ਮਾਡਲ ਸਰਕਾਰੀ ਸਕੂਲ ਤੋਂ 12ਵੀਂ ਦੀ ਪ੍ਰੀਖਿਆ 91.4 ਫ਼ੀਸਦੀ ਅੰਕਾਂ ਦੇ ਨਾਲ ਪਾਸ ਕੀਤੀ। ਇਸ ਤੋਂ ਬਾਅਦ ਨੀਟ ਐਂਟਰੈਂਸ ਟੈਸਟ ਵਿਚ 69395 ਆਲ ਇੰਡੀਆ ਰੈਂਕ ਹਾਸਲ ਕੀਤਾ। ਜੀ. ਐੱਮ. ਸੀ. ਐੱਚ.-32 'ਚ ਦਾਖਲੇ ਲਈ ਅਪਲਾਈ ਕੀਤਾ ਪਰ 2 ਜੁਲਾਈ ਨੂੰ ਹੋਣ ਵਾਲੀ ਕਾਊਂਸਲਿੰਗ ਲਈ ਉਹ ਮੈਰਿਟ ਹਾਸਲ ਨਹੀਂ ਕਰ ਸਕੀ। 
ਕਿਹਾ ਗਿਆ ਕਿ ਮੈਡੀਕਲ ਕਾਲਜ ਵਿਚ ਯੂ. ਟੀ. ਪੂਲ ਲਈ ਨਿਰਧਾਰਤ 85 ਫ਼ੀਸਦੀ ਕੋਟੇ ਦੀਆਂ ਸ਼ਰਤਾਂ 'ਚ ਕਮੀਆਂ ਹਨ, ਜਿਸ ਵਿਚ ਸੁਧਾਰ ਦੀ ਜ਼ਰੂਰਤ ਹੈ। ਕਿਹਾ ਗਿਆ ਕਿ ਜੋ ਵਿਦਿਆਰਥੀ ਚੰਡੀਗੜ੍ਹ ਵਿਚ 12ਵੀਂ ਤਕ ਪੜ੍ਹਿਆ ਹੈ ਪਰ ਇਥੋਂ ਦਾ ਨਿਵਾਸੀ ਨਹੀਂ ਹੈ, ਉਸ ਨੂੰ ਯੂ. ਟੀ. ਪੂਲ  ਦੇ ਕੋਟੇ ਦੇ ਆਧਾਰ 'ਤੇ ਮੈਰਿਟ ਨਹੀਂ ਮਿਲਣੀ ਚਾਹੀਦੀ ਹੈ। 
ਉਕਤ ਕੋਟਾ ਸਿਰਫ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਹੀ ਮਿਲਣਾ ਚਾਹੀਦਾ ਹੈ। ਹੋ ਇਹ ਰਿਹਾ ਹੈ ਕਿ ਲੋਕ ਕਿਸੇ ਦੂਜੇ ਸਟੇਟ 'ਚ ਡੋਮੀਸਲ ਦੇ ਆਧਾਰ 'ਤੇ ਅਤੇ ਚੰਡੀਗੜ੍ਹ ਵਿਚ ਪੜ੍ਹਾਈ ਦੇ ਆਧਾਰ 'ਤੇ ਦਾਖਲਾ ਲੈ ਰਹੇ ਹਨ, ਜੋ ਚੰਡੀਗੜ੍ਹ ਦੇ ਰਹਿਣ ਵਾਲੇ ਵਿਦਿਆਰਥੀਆਂ ਦੇ ਹਿੱਤ 'ਚ ਨਹੀਂ ਹੈ। ਹਾਈ ਕੋਰਟ ਨੇ ਪਟੀਸ਼ਨ ਮਨਜ਼ੂਰ ਕਰ ਲਈ ਹੈ ਜਿਸਦੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।   


Related News