ਡਿੱਗੂ-ਡਿੱਗੂ ਕਰਦੀ ਹੈ ਸਿਹਤ ਵਿਭਾਗ ਦੇ ਸਬ-ਸੈਂਟਰ ਦੀ ਇਮਾਰਤ, ਕਿਸੇ ਸਮੇਂ ਵੀ ਵਾਪਰ ਸਕਦਾ ਹੈ ਹਾਦਸਾ

Saturday, Jul 04, 2020 - 04:28 PM (IST)

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਇਕ ਪਾਸੇ ਪੰਜਾਬ ਸਰਕਾਰ ਇਹ ਦਾਅਵੇ ਕਰਦੀ ਨਹੀਂ ਥੱਕਦੀ ਕਿ ਅਸੀਂ ਪੇਂਡੂ ਖੇਤਰ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ। ਪਰ ਦੂਜੇ ਪਾਸੇ ਜੇਕਰ ਜ਼ਮੀਨੀ ਹਕੀਕਤ 'ਤੇ ਜਾ ਕੇ ਵੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਪਿੰਡਾਂ ਦੇ ਲੋਕ ਬਹੁਤ ਸਾਰੀਆਂ ਸਹੂਲਤਾਂ ਤੋਂ ਅੱਜ ਵੀ ਵਾਂਝੇ ਹਨ। ਇਸ ਦੀ ਮਿਸਾਲ ਪਿੰਡ ਲੱਖੇਵਾਲੀ ਵਿਖੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਬ-ਸੈਂਟਰ ਤੋਂ ਮਿਲਦੀ ਹੈ। ਕਿਉਕਿ ਉਕਤ ਸਬ-ਸੈਂਟਰ ਅਨੇਕਾਂ ਸਹੂਲਤਾਂ ਤੋਂ ਸੱਖਣਾ ਹੈ ਤੇ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਿਹਤ ਵਿਭਾਗ, ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੇ ਲੱਖੇਵਾਲੀ ਦੇ ਸਬ-ਸੈਂਟਰ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਸਬ-ਸੈਂਟਰ ਦੀ ਇਮਾਰਤ ਕੰਡਮ ਹੋ ਚੁੱਕੀ ਹੈ ਤੇ ਡਿੱਗੂ-ਡਿੱਗੂ ਕਰ ਰਹੀ ਹੈ। ਕਿਸੇ ਸਮੇਂ ਵੀ ਇਮਾਰਤ ਡਿੱਗਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਰ ਫਿਰ ਵੀ ਮਜਬੂਰੀ ਵੱਸ ਇਸ ਸੈਂਟਰ ਵਿਚ ਡਿਊਟੀ ਦੇ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਅਤੇ ਪਿੰਡ ਦੇ ਲੋਕਾਂ ਨੂੰ ਆਉਣਾ ਹੀ ਪੈਂਦਾ ਹੈ। ਕਮਰਿਆਂ ਦੀਆਂ ਕੰਧਾਂ ਅਤੇ ਛੱਤਾਂ ਵਿਚ ਤਰੇੜਾਂ ਆਈਆਂ ਪਈਆਂ ਹਨ ਤੇ ਕੁੱਲ ਮਿਲਾ ਕੇ ਹਾਲ ਮਾੜਾ ਹੀ ਹੈ।

ਦੱਸਣਯੋਗ ਹੈ ਕਿ ਇਸ ਸੈਂਟਰ ਵਿਚ ਪਿੰਡ ਦੀਆਂ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਛੇ ਮਾਰੂ ਰੋਗਾਂ ਤੋਂ ਬਚਾਉਣ ਲਈ ਹਰ ਹਫ਼ਤੇ ਟੀਕੇ ਲਗਾਏ ਜਾਂਦੇ ਹਨ ਤੇ ਇਹਨਾਂ ਦਿਨਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਤੇ ਬੱਚੇ ਇਸ ਸੈਂਟਰ ਵਿਚ ਆਉਂਦੇ ਹਨ। ਉਂਝ ਵੀ ਜਦ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਮਮਤਾ ਦਿਵਸ, ਗੋਦ ਭਰਾਈ ਦਿਵਸ ਆਦਿ ਮਨਾਉਣੇ ਹੁੰਦੇ ਹਨ ਅਤੇ ਹੋਰ ਸਰਕਾਰੀ ਸਕੀਮਾਂ ਬਾਰੇ ਔਰਤਾਂ ਅਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਤਾਂ ਇੱਥੇ ਹੀ ਬੁਲਾਇਆ ਜਾਂਦਾ ਹੈ। ਪਰ ਇੱਥੇ ਆਉਣ ਵਾਲਿਆਂ ਲਈ ਖਤਰਾ ਹੀ ਖਤਰਾ ਹੈ। ਪਰ ਸਿਹਤ ਵਿਭਾਗ ਤੇ ਸਰਕਾਰ ਘੂਕ ਸੁੱਤੀ ਪਈ ਹੈ ਤੇ ਅਜੇ ਪਤਾ ਨਹੀ ਕਦੋਂ ਜਾਗ ਆਵੇ।

PunjabKesari

ਮੀਂਹ ਪੈਣ ਦੇ ਨਾਲ ਸੈਂਟਰ ਵਿਚ ਭਰ ਜਾਂਦਾ ਹੈ ਪਾਣੀ

ਜਿਕਰਯੋਗ ਹੈ ਕਿ ਉਕਤ ਸਬ-ਸੈਂਟਰ ਦੀ ਥਾਂ ਸੜਕ ਨਾਲੋਂ 2 ਫੁੱਟ ਨੀਵੀਂ ਹੈ ਅਤੇ ਜਦ ਵੀ ਮੀਂਹ ਆਉਦਾ ਹੈ ਤਾਂ ਇਸ ਥਾਂ ਵਿਚ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਹੈ ਅਤੇ ਕਮਰਿਆਂ ਦੇ ਅੰਦਰ-ਬਾਹਰ ਨਹੀ ਜਾਇਆ ਜਾਂਦਾ। ਜਿਸ ਕਰਕੇ ਜਦ ਪਾਣੀ ਭਰਦਾ ਹੈ ਤਾਂ ਸਿਹਤ ਵਿਭਾਗ ਦਾ ਮੁਲਾਜ਼ਮ ਆਪਣਾ ਥੋੜਾ-ਬਹੁਤਾ ਸਮਾਨ ਚੁੱਕ ਕੇ ਬਿਲਕੁੱਲ ਨਾਲ ਹੀ ਬਣੇ ਬੱਸ ਸਟੈਂਡ ਦੇ ਕਮਰੇ ਵਿਚ ਬੈਠ ਕੇ ਡਿਊਟੀ ਕਰਦੇ ਹਨ ਤੇ ਆਪਣਾ ਵੇਲਾ ਪੂਰਾ ਕਰਦੇ ਹਨ। ਇੱਥੇ ਹੀ ਪਿੰਡ ਦੇ ਲੋਕ ਉਹਨਾਂ ਕੋਲ ਆਉਂਦੇ ਹਨ।

ਨਹੀ ਹੈ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ

ਸਿਹਤ ਵਿਭਾਗ ਦੇ ਉਕਤ ਸੈਂਟਰ ਵਿਚ ਮੁਲਾਜ਼ਮਾਂ ਅਤੇ ਪਿੰਡ ਦੇ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦਾ ਕੋਈ ਪ੍ਰਬੰਧ ਨਹੀ ਹੈ। ਕਿਉਕਿ ਇੱਥੇ ਪੀਣ ਵਾਲੇ ਪਾਣੀ ਵਾਸਤੇ ਕੋਈ ਨਲਕਾ ਨਹੀ ਲਾਇਆ ਗਿਆ। ਜਲ ਘਰ ਦੀ ਟੂਟੀ ਲਗਾਈ ਗਈ ਸੀ ਪਰ ਜੋ ਉੱਪਰ ਟੈਂਕੀ ਰੱਖੀ ਗਈ ਸੀ, ਉਹ ਟੈਂਕੀ ਟੁੱਟੀ ਹੋਈ ਹੈ। ਉਂਝ ਵੀ ਐਨੀ ਪੈ ਰਹੀ ਗਰਮੀ ਦੇ ਦਿਨਾਂ ਵਿਚ ਇਹਨਾਂ ਟੈਕੀਆਂ ਦਾ ਪਾਣੀ ਤੱਤਾ ਹੋ ਜਾਂਦਾ ਹੈ ਤੇ ਪੀਣ ਯੋਗ ਨਹੀਂ ਰਹਿੰਦਾ। ਮੁਲਾਜ਼ਮ ਆਪਣੇ ਪੀਣ ਲਈ ਘਰੋਂ ਬੋਤਲਾਂ ਵਿਚ ਪਾਣੀ ਲੈ ਕੇ ਆਉਂਦੇ ਹਨ। ਜਦ ਕਿ ਗਰਮੀਆਂ ਦੇ ਦਿਨਾਂ ਵਿਚ ਇੱਥੇ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੀਣ ਵਾਲੇ ਪਾਣੀ ਦੀ ਲੋੜ ਪੈਂਦੀ ਹੈ।

ਲੈਟਰੀਨ-ਬਾਥਰੂਮ ਦਾ ਨਹੀ ਹੈ ਕੋਈ ਪ੍ਰਬੰਧ

ਇਸ ਸਬ-ਸੈਂਟਰ ਵਿਚ ਲੈਟਰੀਨ-ਬਾਥਰੂਮ ਦਾ ਵੀ ਕੋਈ ਪ੍ਰਬੰਧ ਨਹੀ ਹੈ। ਜਦ ਕਿ ਸਰਕਾਰਾਂ 'ਸਵੱਛ ਭਾਰਤ ਮੁਹਿੰਮ' ਵਰਗੀਆਂ ਲਹਿਰਾਂ ਚਲਾਉਦੀਆਂ ਹਨ। ਪਰ ਸਿਹਤ ਵਿਭਾਗ ਦੇ ਇਹਨਾਂ ਸਬ-ਸੈਟਰਾਂ ਵਿਚ ਅਜਿਹਾ ਪ੍ਰਬੰਧ ਨਾ ਹੋਣਾ ਸਰਕਾਰ ਲਈ ਬਹੁਤ ਮਾੜੀ ਗੱਲ ਹੈ। ਇਸ ਪਾਸੇ ਵਿਭਾਗ ਅਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

PunjabKesari   PunjabKesari      

ਕੀ ਕਹਿਣਾ ਹੈ ਸਿਹਤ ਵਿਭਾਗ ਦੇ ਮੁਲਾਜ਼ਮਾਂ ਦਾ

ਜਦੋਂ ਇਸ ਸਬ-ਸੈਂਟਰ ਵਿਚ ਡਿਊਟੀ ਦੇ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਐਮ.ਪੀ.ਐਚ.ਡਬਲਿਊ ਬਲਜਿੰਦਰ ਸਿੰਘ ਅਤੇ ਪਰਮਜੀਤ ਕੌਰ ਨਾਲ 'ਜਗ ਬਾਣੀ' ਵੱਲੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਮਾਰਤ ਦੀ ਹਾਲਤ ਬਹੁਤ ਹੀ ਮਾੜੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦੀ ਘਾਟ ਰੜਕ ਰਹੀ ਹੈ। ਇਸ ਕਰਕੇ ਮਹਿਕਮੇ ਅਤੇ ਸਰਕਾਰ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।

ਆਧੁਨਿਕ ਸਹੂਲਤਾਂ ਵਾਲੀ ਨਵੀਂ ਇਮਾਰਤ ਬਣਾਈ ਜਾਵੇ

ਪਿੰਡ ਦੇ ਸਮਾਜ ਸੇਵਕ ਸਿਮਰਜੀਤ ਸਿੰਘ ਬਰਾੜ ਲੱਖੇਵਾਲੀ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਕਤ ਸਬ-ਸੈਂਟਰ ਦੀ ਹਾਲਤ ਬੇਹੱਦ ਮਾੜੀ ਹੈ ਪਰ ਇਸ ਦੇ ਬਾਵਜੂਦ ਵੀ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨੇ ਕੋਈ ਯੋਗ ਉਪਰਾਲਾ ਨਹੀ ਕੀਤਾ। ਉਹਨਾਂ ਮੰਗ ਕੀਤੀ ਕਿ ਇਸ ਸਬ-ਸੈਂਟਰ ਦੀ ਨਵੀਂ ਇਮਾਰਤ ਆਧੁਨਿਕ ਸਹੂਲਤਾਂ ਵਾਲੀ ਬਣਾਈ ਜਾਵੇ ਤਾਂ ਕਿ ਸਿਹਤ ਵਿਭਾਗ ਮੁਲਾਜ਼ਮਾਂ ਅਤੇ ਪਿੰਡ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ।

ਕੀ ਕਹਿਣਾ ਹੈ ਸੀਨੀਅਰ ਕਾਂਗਰਸੀ ਆਗੂ ਸਰਬਜੀਤ ਸਿੰਘ ਕਾਕਾ ਬਰਾੜ ਦਾ 

ਜਦ ਮਾੜੀ ਹਾਲਤ ਵਾਲੇ ਪਿੰਡ ਲੱਖੇਵਾਲੀ ਦੇ ਸਬ-ਸੈਂਟਰ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਮੌਜ਼ੂਦਾ ਮੈਂਬਰ ਜਿਲਾ ਪ੍ਰੀਸ਼ਦ ਸਰਬਜੀਤ ਸਿੰਘ ਕਾਕਾ ਬਰਾੜ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿੰਡ ਲੱਖੇਵਾਲੀ ਦਾ ਜੋ ਵੱਡਾ ਸਰਕਾਰੀ ਹਸਪਤਾਲ ਹੈ, ਉਸ ਦੀ ਹਾਲਤ ਵੀ ਬੇਹੱਦ ਕੰਡਮ ਹੋ ਚੁੱਕੀ ਸੀ ਤੇ ਪਿਛਲੇ ਦਿਨੀਂ ਹੀ ਉਹਨਾਂ ਨੇ ਹਲਕੇ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਜੋ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਹਨ, ਨੂੰ ਮੌਕੇ 'ਤੇ ਜਾ ਕੇ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਨੇ ਉਸ ਥਾਂ 'ਤੇ ਨਵਾਂ ਹਸਪਤਾਲ ਬਣਾਉਣ ਨੂੰ ਮਨਜੂਰੀ ਦੇ ਦਿੱਤੀ ਹੈ ਤੇ ਪੈਸੇ  ਵੀ ਪਾਸ ਹੋ ਚੁੱਕੇ ਹਨ। ਜਦ ਇੱਥੇ ਸਰਕਾਰੀ ਹਸਪਤਾਲ ਦੀ ਇਮਾਰਤ ਬਣੇਗੀ ਤਾਂ ਜੋ ਬੱਸ ਸਟੈਂਡ ਦੇ ਕੋਲ ਸਬ-ਸੈਂਟਰ ਚੱਲ ਰਿਹਾ ਹੈ ਉਸ ਦੀ ਇਮਾਰਤ ਵੀ ਸਰਕਾਰੀ ਹਸਪਤਾਲ ਦੇ ਨਾਲ ਹੀ ਨਵੀਂ ਬਣਾ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਨੂੰ ਨਵਾਂ ਸੈਂਟਰ ਬਣਾਉਣ ਬਾਰੇ ਲਿਖ ਕੇ ਭੇਜਿਆ ਹੋਇਆ

ਐਸ.ਐਮ.ਓ. ਚੱਕ ਸ਼ੇਰੇਵਾਲਾ ਨਾਲ ਜਦੋਂ ਇਸ ਸਬੰਧੀ ਐਸ.ਐਮ.ਓ. ਚੱਕ ਸ਼ੇਰੇਵਾਲਾ ਡਾ. ਕਿਰਨਦੀਪ ਕੌਰ ਨਾਲ ਉਹਨਾਂ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਲੱਖੇਵਾਲੀ ਪਿੰਡ ਦਾ ਉਕਤ ਸਬ-ਸੈਂਟਰ ਵਾਕਿਆ ਹੀ ਮਾੜੀ ਹਾਲਤ ਵਾਲਾ ਹੈ ਤੇ ਸਹੂਲਤਾਂ ਦੀ ਘਾਟ ਹੈ। ਉਹਨਾਂ ਕਿਹਾ ਕਿ ਸਬ-ਸੈਂਟਰ ਦੀ ਨਵੀਂ ਇਮਾਰਤ ਬਣਾਉਣ ਬਾਰੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ।


Harinder Kaur

Content Editor

Related News