ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਸਬੰਧੀ ਐਡਵਾਈਜ਼ਰੀ ਜਾਰੀ

Tuesday, Dec 12, 2023 - 03:28 PM (IST)

ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਸਬੰਧੀ ਐਡਵਾਈਜ਼ਰੀ ਜਾਰੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਦੀ ਰੋਕਥਾਮ ਅਤੇ ਕਾਬੂ ਪਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨਫਲੂਏਂਜ਼ਾ ਵਰਗੀਆਂ ਬੀਮਾਰੀਆਂ ਦੇ ਹੋਰ ਫੈਲਾਅ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਆਮ ਲੋਕ ਆਪਣੀ ਸਿਹਤ ਸਬੰਧੀ ਵਿਸ਼ੇਸ਼ ਧਿਆਨ ਰੱਖ ਸਕਣ।

ਜੇਕਰ ਕਿਸੇ ਵੀ ਵਿਅਕਤੀ ’ਚ ਸਾਹ ਦਾ ਚੜ੍ਹਨਾ, ਖ਼ਾਂਸੀ, ਗਲੇ ’ਚ ਖ਼ਰਾਸ਼, ਤੇਜ਼ ਬੁਖ਼ਾਰ, ਸਿਰਦਰਦ, ਸਰੀਰ ’ਚ ਦਰਦ, ਠੰਡ ਲੱਗਣਾ ਅਤੇ ਸਰੀਰ ’ਚ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ। ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਸਰਕਾਰੀ ਹਸਪਤਾਲ ਬਰਨਾਲਾ, ਧਨੌਲਾ, ਤਪਾ, ਭਦੌੜ, ਮਹਿਲ ਕਲਾਂ ’ਚ ਫਲੂ ਕਾਰਨਰ ਸਥਾਪਿਤ ਕਰ ਦਿੱਤੇ ਗਏ ਹਨ ਅਤੇ ਲੱਛਣਾਂ ਦੀ ਗੰਭੀਰਤਾ ਅਨੁਸਾਰ ਮਰੀਜ਼ਾਂ ਦਾ ਇਲਾਜ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਗਏ ਹਨ। ਇਨ੍ਹਾਂ ਫਲੂ ਕਾਰਨਰਾਂ ’ਚ ਸਾਰੇ ਹਸਪਤਾਲਾਂ ਨੂੰ ਢੁੱਕਵੀਂ ਲਾਜਿਸਟਿਕਸ ਅਤੇ ਆਕਸੀਜਨ ਸਪਲਾਈ ਦੇ ਨਾਲ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ।

ਡਾ. ਮੁਨੀਸ ਜ਼ਿਲਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਖ਼ਾਸ ਤੌਰ ’ਤੇ ਇਮਿਊਨੋ-ਕੰਪ੍ਰੋਮਾਈਜ਼ਡ ਵਿਅਕਤੀ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਇਸ ਸਬੰਧੀ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ ਜਿਵੇਂ ਮਾਸਕ ਪਾਉਣਾ, ਨਿਯਮਿਤ ਤੌਰ ’ਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ, ਤਰਲ ਪਦਾਰਥਾਂ ਦੀ ਜਿਆਦਾ ਵਰਤੋਂ ਕਰਨ, ਬੁਖ਼ਾਰ ਹੋਣ ’ਤੇ ਪੈਰਾਸੀਟਾਮੋਲ ਗੋਲੀ ਲੈਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਿਹਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸ਼ੱਕੀ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਬਰਨਾਲਾ ਨਿਵਾਸੀਆਂ ਨੂੰ ਇਸ ਘਬਰਾਉਣ ਦੀ ਲੋੜ ਨਹੀਂ ਜੇਕਰ ਲੱਛਣ ਦਿਖਾਈ ਦੇਣ ਤਾਂ ਨੇੜੇ ਦੇ ਸਿਹਤ ਕੇਂਦਰ ਸੰਪਰਕ ਕੀਤਾ ਜਾਵੇ।
 


author

Babita

Content Editor

Related News