ਠੇਕੇ ''ਤੇ ਕੀਤੀ ਨੌਕਰੀ ਦਾ ਲਾਭ ਨਹੀਂ ਦੇ ਰਹੀ ਸਰਕਾਰ
Sunday, Aug 20, 2017 - 03:11 AM (IST)

ਹੁਸ਼ਿਆਰਪੁਰ, (ਘੁੰਮਣ)- ਲੰਬੇ ਸਮੇਂ ਤੋਂ ਠੇਕੇ 'ਤੇ ਨੌਕਰੀ ਦਾ ਲਾਭ ਨਾ ਦਿੱਤੇ ਜਾਣ ਕਾਰਨ ਬੀ. ਐੱਡ ਅਧਿਆਪਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੀ. ਐੱਡ ਅਧਿਆਪਕ ਫਰੰਟ ਹੁਸ਼ਿਆਰਪੁਰ ਵੱਲੋਂ ਜ਼ਿਲਾ ਪ੍ਰਧਾਨ ਸੁਰਜੀਤ ਰਾਜਾ, ਸੀਨੀ. ਮੀਤ ਪ੍ਰਧਾਨ ਉਪਕਾਰ ਪੱਟੀ, ਮੀਤ ਪ੍ਰਧਾਨ ਪਰਮਜੀਤ ਸਿੰਘ ਅਤੇ ਸੰਜੀਵ ਧੂਤ ਦੀ ਅਗਵਾਈ ਵਿਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਠੇਕੇ 'ਤੇ ਕੀਤੀ ਨੌਕਰੀ ਦੇ ਲਾਭ ਲੈਣ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਪ੍ਰਧਾਨ ਸੁਰਜੀਤ ਰਾਜਾ, ਉਪਕਾਰ ਪੱਟੀ ਅਤੇ ਪਰਮਜੀਤ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਮਿਲੀਭੁਗਤ ਨਾਲ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾਅ ਰਹੇ 1 ਲੱਖ 50 ਹਜ਼ਾਰ ਮੁਲਾਜ਼ਮਾਂ ਨੂੰ 1 ਜਨਵਰੀ 2004 ਤੋਂ ਬਾਅਦ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਦਾ ਹੱਕ ਖੋਹ ਕੇ ਜਬਰਨ ਨਵੀਂ ਪੈਨਸ਼ਨ ਸਕੀਮ ਵਿਚ ਧੱਕ ਦਿੱਤਾ ਹੈ, ਜੋ ਕਿ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੱਕਾ ਹੈ। ਬੀ. ਐੱਡ ਅਧਿਆਪਕ ਫਰੰਟ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਆਪਣੇ ਬਣਦੇ ਹੱਕ ਲੈ ਕੇ ਰਹੇਗਾ।
ਇਸ ਦੌਰਾਨ ਬੋਲਦਿਆਂ ਹਰਬਿਲਾਸ, ਮਨਜੀਤ, ਦੀਪਕ ਸ਼ਰਮਾ, ਰਾਜ ਕੁਮਾਰ, ਰਵਿੰਦਰ, ਰਾਮਧਨ, ਜਤਿੰਦਰ ਅਤੇ ਰਜਿੰਦਰ ਕੁਮਾਰ ਨੇ ਕਿਹਾ ਕਿ 1 ਜਨਵਰੀ 2004 ਤੋਂ ਬਾਅਦ ਮੁਲਾਜ਼ਮਾਂ ਵਾਂਗ ਹੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਨਵੀਂ ਪੈਨਸ਼ਨ ਸਕੀਮ ਅਧੀਨ ਹੀ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀ. ਐੱਡ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿਚ ਜੋ ਸੇਵਾਵਾਂ 2008 ਤੋਂ ਲੈ ਕੇ 2011 ਤੱਕ ਠੇਕੇ 'ਤੇ ਨਿਭਾਈਆਂ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਠੇਕੇ 'ਤੇ ਕੀਤੀ ਹੋਈ ਇਸ ਨੌਕਰੀ ਦਾ ਸਮਾਂ ਅਧਿਆਪਕਾਂ ਦੀ ਲੈਂਥ ਆਫ ਸਰਵਿਸ ਵਿਚ ਜੋੜਿਆ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਬੀ. ਐੱਡ ਅਧਿਆਪਕ ਫਰੰਟ ਦੀਆਂ ਹੱਕੀ ਮੰਗਾਂ ਪ੍ਰਤੀ ਹਾਂ- ਪੱਖੀ ਹੁੰਗਾਰਾ ਨਾ ਭਰਿਆ ਤਾਂ ਫਰੰਟ ਕੇਂਦਰ ਅਤੇ ਰਾਜ ਸਰਕਾਰਾਂ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਸਮੇਂ ਸੰਜੀਵ, ਤਰਸੇਮ, ਜੀਵਨ, ਦੇਸ ਰਾਜ, ਸੁਖਵਿੰਦਰ, ਰੋਹਿਤ, ਰਕੇਸ਼ ਨਾਰਾ, ਜਸਵਿੰਦਰ, ਕਮਲਜੀਤ, ਰਾਜ ਕੁਮਾਰ, ਸੰਦੀਪ, ਪਰਮਜੀਤ, ਪ੍ਰੇਮ ਚੰਦ, ਗੁਰਪ੍ਰੀਤ, ਕੁਲਦੀਪ ਅਤੇ ਹੋਰ ਅਧਿਆਪਕ ਵੀ ਸ਼ਾਮਲ ਸਨ।