ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਦੇ ਦੋਹਰੇ ਮਾਪਦੰਡ, ਕਰਮਚਾਰੀਆਂ ਨੂੰ ਤਾੜਨਾ, ਮੰਤਰੀਆਂ ਨੂੰ ਥਾਪੜਾ : ਜਾਖੜ
Thursday, Aug 31, 2023 - 06:02 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਭ੍ਰਿਸ਼ਟਾਚਾਰ ਦੇ ਮੁੱਦੇ `ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਰਕਾਰ ਦਾ ਆਪਣੇ ਕਰਮਚਾਰੀਆਂ ਅਤੇ ਮੰਤਰੀਆਂ ਪ੍ਰਤੀ ਵੱਖੋ-ਵੱਖ ਰਵੱਈਆ ਇਸ ਸਰਕਾਰ ਦੇ ਦੋਹਾਂ ਪ੍ਰਤੀ ਵਿਹਾਰ ਵਿਚ ਫਰਕ ਦਾ ਪ੍ਰਤਖ ਪ੍ਰਮਾਣ ਹੈ। ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਨੇ ਗਲਤ ਕੀਤਾ ਹੈ ਤਾਂ ਉਸ ਖ਼ਿਲਾਫ਼ ਬੇਸ਼ੱਕ ਕਾਰਵਾਈ ਹੋਵੇ ਪਰ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਕੈਬਨਿਟ ’ਚ ਨਾਲ ਦੀਆਂ ਕੁਰਸੀਆਂ ’ਤੇ ਬੈਠੇ ਉਹ ਮੰਤਰੀ ਵਿਖਾਈ ਨਹੀਂ ਦਿੰਦੇ, ਜਿਨ੍ਹਾਂ ਦੀ ਪੁਸ਼ਤ ਪਨਾਹੀ ਹੇਠ ਪਠਾਨਕੋਟ ਵਿਚ ਕਰੋੜਾਂ ਦੀ ਜ਼ਮੀਨ ਦਾ ਘਪਲਾ ਹੋ ਗਿਆ? ਭਾਜਪਾ ਪ੍ਰਧਾਨ ਨੇ ਸਵਾਲ ਕੀਤਾ ਹੈ ਕੀ ਉੱਚ ਪੱਧਰੀ ਦਿਸ਼ਾ ਨਿਰਦੇਸ਼ਾਂ ਬਿਨ੍ਹਾਂ ਸੰਭਵ ਹੈ ਕਿ ਇਕ ਬੀਡੀਪੀਓ ਨੂੰ ਇਕ ਹਫ਼ਤੇ ਵਿਚ ਹੀ ਏਡੀਸੀ ਬਣਾ ਦਿੱਤਾ ਜਾਵੇ ਅਤੇ ਫਿਰ ਉਹ ਕਰੋੜਾਂ ਦੀ ਜਮੀਨ ਦਾ ਗਬਨ ਕਰ ਜਾਵੇ। ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਆਪਣੇ ਦੋਹਰੇ ਚਰਿੱਤਰ ’ਚੋਂ ਬਾਹਰ ਆਉਣ ਤੇ ਆਪਣੀ ਕੈਬਨਿਟ ਦੇ ਸਾਥੀਆਂ ਖ਼ਿਲਾਫ਼ ਵੀ ਅਜਿਹੀ ਸਾਹਸੀ ਕਾਰਵਾਈ ਕਰਨ ਦੀ ਹਿੰਮਤ ਵਿਖਾਉਣ, ਜਿਸ ਤਰ੍ਹਾਂ ਦੀ ਕਾਰਵਾਈ ਦਾ ਜ਼ਿਕਰ ਉਹ ਆਪਣੇ ਕਰਮਚਾਰੀਆਂ ਤੇ ਕਰਨ ਦਾ ਦਾਅਵਾ ਕਰਦੇ ਹਨ।
ਇਹ ਵੀ ਪੜ੍ਹੋ : ਰਾਜਸਥਾਨ ’ਚ ਵਸੁੰਧਰਾ ਨੂੰ ‘ਇਗਨੋਰ’ ਕਰ ਕੇ ਚੋਣ ਲੜਨੀ ਇੰਨੀ ਵੀ ਆਸਾਨ ਨਹੀਂ ਭਾਜਪਾ ਲਈ
ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੋ ਮੰਤਰੀਆਂ ਨੂੰ ਜਿੰਨ੍ਹਾਂ ਦੀ ਮੰਤਰੀ ਮੰਡਲ ’ਚੋਂ ਛੁੱਟੀ ਕੀਤੀ ਗਈ ਸੀ, ਉਨ੍ਹਾਂ ਖ਼ਿਲਾਫ਼ ਜਾਂਚ ਕਿੱਥੇ ਪੁੱਜੀ ਹੈ। ਇਸਦੀ ਜਾਣਕਾਰੀ ਵੀ ਮੁੱਖ ਮੰਤਰੀ ਨੂੰ ਜਨਤਕ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਨਾਲ ਹੀ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਮੰਤਰੀ ਜਿਹੜੇ ਹੁਣ ਸਰਕਾਰੀ ਸਮਾਗਮਾਂ ਦੀ ਸ਼ੋਭਾ ਬਣ ਰਹੇ ਹਨ, ਕਿ ਇਸ ਤੋਂ ਮੰਨ ਲਿਆ ਜਾਵੇ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਇਕ ਦਿਖਾਵਾ ਮਾਤਰ ਸੀ? ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਕੇ ਅਸਲ ਵਿਚ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਨਾ ਵੰਡ ਸਕਨ ਦੀ ਆਪਣੀ ਸਰਕਾਰ ਦੀ ਨਕਾਮੀ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਹੁਣ ਮੁੱਖ ਮੰਤਰੀ ਦਾ ਅਸਲ ਸੱਚ ਸਮਝ ਚੁੱਕੇ ਹਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਰਸੋਈ ਗੈਸ ’ਚ 200 ਰੁਪਏ ਸਸਤਾ ਕਰ ਕੇ ਰੱਖੜੀ ਦਾ ਦਿੱਤਾ ਤੋਹਫ਼ਾ : ਚੁਘ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8