ਹਨੀਟਰੈਪ ਦੇ ਧੰਦੇ ’ਚ ਸ਼ਾਮਲ ਔਰਤਾਂ ਦੇ ਗੈਂਗ ਦਾ ਪਰਦਾਫਾਸ਼, ਨੌਜਵਾਨ ਤੇ ਕਾਰੋਬਾਰੀਆਂ ਨੂੰ ਬਣਾਉਂਦੇ ਸਨ ਨਿਸ਼ਾਨਾ

05/26/2023 12:49:13 PM

ਮੁਕੇਰੀਆਂ (ਨਾਗਲਾ)-ਹਾਜੀਪੁਰ ਪੁਲਸ ਨੇ ਥਾਣਾ ਇੰਚਾਰਜ ਅਮਰਜੀਤ ਕੌਰ ਦੀ ਅਗਵਾਈ ’ਚ ਵਿਧਾਨ ਸਭਾ ਹਲਕਾ ਮੁਕੇਰੀਆਂ ਅਤੇ ਨਾਲ ਲੱਗਦੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਕਸਬਿਆਂ ’ਚ ਹਨੀਟਰੈਪ ਦੇ ਧੰਦੇ ਰਾਹੀਂ ਭੋਲੇ ਭਾਲੇ ਨੌਜਵਾਨਾਂ ਅਤੇ ਕਾਰੋਬਾਰੀਆਂ ਨੂੰ ਫਸਾਉਣ ਵਾਲੀਆਂ ਔਰਤਾਂ ਦੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਆਯੋਜਿਤ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੀ 7 ਮਈ ਨੂੰ ਵਪਾਰੀ ਵਿਕਾਸ ਦੱਤਾ ਉਰਫ਼ ਲਾਡਾ, ਜਿਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਨੂੰ ਮੌਤ ਤੋਂ ਪਹਿਲਾਂ ਵੱਖ-ਵੱਖ ਅਣਪਛਾਤੇ ਫੋਨ ਨੰਬਰਾਂ ਤੋਂ ਫੋਨ ਆ ਰਹੇ ਸਨ। ਜਿਸ ਰਾਹੀਂ ਉਹ ਪੈਸੇ ਦੀ ਮੰਗ ਕਰ ਰਹੇ ਸਨ।

ਜਾਂਚ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ’ਤੇ ਥਾਣਾ ਇੰਚਾਰਜ ਅਮਰਜੀਤ ਕੌਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਮਾਮਲਾ ਦਰਜ ਕਰਕੇ ਜਾਂਚ ਦੌਰਾਨ ਪਤਾ ਲੱਗਾ ਕਿ 5 ਮਈ ਨੂੰ ਮ੍ਰਿਤਕ ਵਿਕਾਸ ਦੱਤਾ ਔਰਤ ਸਲਮਾ ਦੇ ਨਾਲ ਮਨਾਰੋ ਉਰਫ਼ ਕ੍ਰਿਸ਼ਨਾ ਪਤਨੀ ਦਰਸ਼ਨ ਸਿੰਘ ਵਾਸੀ ਪੁਆਰਾ (ਮੁਕੇਰੀਆਂ) ਦੇ ਘਰ ਗਿਆ ਸੀ। ਜਿੱਥੇ ਸਲਮਾ, ਸੋਨੀਆ, ਮਨਾਰੋ ਉਰਫ਼ ਕ੍ਰਿਸ਼ਨਾ, ਚਰਨਜੀਤ ਕੌਰ, ਹਿਦਾਇਤਾ, ਆਸ਼ਾ ਅਤੇ ਮੰਗਤ ਉਰਫ਼ ਬੱਗੀ ਨੇ ਵਿਕਾਸ ਦੱਤਾ ਨੂੰ ਲੜਕੀ ਨੂੰ ਪ੍ਰੇਮ ਜਾਲ ਵਿਚ ਫ਼ਸਾ ਕੇ ਪੈਸੇ ਲਿਆਉਣ ਲਈ ਮਜਬੂਰ ਕੀਤਾ।

ਇਹ ਵੀ ਪੜ੍ਹੋ - ਫਗਵਾੜਾ ਦੇ ਮਸ਼ਹੂਰ ਹੋਟਲ ਦੇ ਮੈਨੇਜਰਾਂ ਦਾ ਕਾਰਨਾਮਾ ਬਣਿਆ ਚਰਚਾ ਦਾ ਵਿਸ਼ਾ, ਗਾਹਕ ਨਾਲ ਖੇਡੀ ਅਜੀਬ ਖੇਡ
ਜਿਸ ਕਾਰਨ ਵਿਕਾਸ ਦੱਤਾ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ 5 ਮਈ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ ਅਤੇ ਇਲਾਜ ਤੋਂ ਬਾਅਦ 7 ਮਈ ਨੂੰ ਉਸ ਦੀ ਮੌਤ ਹੋ ਗਈ। ਤਫ਼ਤੀਸ਼ ਉਪਰੰਤ ਮਨਾਰੋ ਉਰਫ਼ ਕ੍ਰਿਸ਼ਨਾ ਪਤਨੀ ਦਰਸ਼ਨ ਸਿੰਘ ਵਾਸੀ ਮੁਰਾਦਪੁਰ ਜੱਟਾਂ ਹਾਲ ਵਾਸੀ ਪੁਆਰਾਂ (ਮੁਕੇਰੀਆਂ), ਚਰਨਜੀਤ ਕੌਰ ਪਤਨੀ ਅਨੂਪ ਸਿੰਘ ਵਾਸੀ ਟਾਂਡਾ ਰਾਮ ਸਹਾਏ (ਮੁਕੇਰੀਆਂ), ਹਨੀ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਆਨੰਦ ਭਵਨ ਗਲੀ ਪੁਰਾਣਾ ਬਜ਼ਾਰ ਗੁਰਦਾਸਪੁਰ, ਹਿਦਾਇਤਾ ਪਤਨੀ ਫਿੱਕਾ ਰਾਮ ਵਾਸੀ ਬੁੱਢਾਵੜ ਥਾਣਾ ਹਾਜੀਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿਚ ਲੋੜੀਂਦੇ 4 ਹੋਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ ਨੇ ਗੌਰਵ ਆਨੰਦ, ਜਿਸ ਨੂੰ 15 ਮਈ ਨੂੰ ਭੰਗਾਲਾ ਕਸਬੇ ਵਿਚ ਘੇਰ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ ਅਤੇ ਬਾਅਦ ਵਿਚ 16 ਮਈ ਨੂੰ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੇ ਲੋੜੀਂਦੇ ਮੁਲਜ਼ਮ ਸਾਹਿਲ ਕੁਮਾਰ ਉਰਫ਼ ਨਿਖਿਲ ਪੁੱਤਰ ਰਣਜੀਤ ਸਿੰਘ ਅਤੇ ਚੱਕਸ਼ੂ ਪੁੱਤਰ ਮਨੋਜ ਕੁਮਾਰ ਵਾਸੀ ਜੰਡਵਾਲ (ਮੁਕੇਰੀਆ) ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿਚ ਵਰਤਿਆ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ -  ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ

ਉਨ੍ਹਾਂ ਦੱਸਿਆ ਕਿ ਇਸ ਕਤਲ ਵਿਚ ਸ਼ਾਮਲ ਆਕਾਸ਼ ਅਤੇ ਸੂਰਜ ਦੋਵੇਂ ਪੁੱਤਰਾਨ ਰਾਜ ਕੁਮਾਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਤਲ ਤੋਂ ਬਾਅਦ ਚਾਰੇ ਦੋਸ਼ੀ ਪਹਿਲਾਂ ਟਰੇਨ ’ਚ ਹੀ ਦਿੱਲੀ ਗਏ, ਫਿਰ ਦਿੱਲੀ ਤੋਂ ਵਾਪਸ ਜੰਮੂ, ਫਿਰ ਦਿੱਲੀ ਅਤੇ ਫਿਰ ਦਿੱਲੀ ਤੋਂ ਸ਼ਿਮਲਾ ਟਰੇਨ ਵਿਚ ਹੀ ਘੁੰਮਦੇ ਰਹੇ। ਉਸ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਮਾਮੂਲੀ ਤਕਰਾਰ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀਆਂ ਨੇ ਸ਼ਰਾਬ ਦੇ ਨਸ਼ੇ ’ਚ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਇਸ ਮੌਕੇ ਥਾਣਾ ਮੁਖੀ ਮੁਕੇਰੀਆਂ ਬਲਜੀਤ ਸਿੰਘ ਕਾਹਲੋਂ, ਥਾਣਾ ਮੁਖੀ ਹਾਜੀਪੁਰ ਅਮਰਜੀਤ ਕੌਰ, ਭੰਗਾਲਾ ਚੌਕੀ ਇੰਚਾਰਜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। 

ਇਹ ਵੀ ਪੜ੍ਹੋ -  ਜਲੰਧਰ 'ਚ ਸਰਗਰਮ ਹੋਇਆ ਕੱਛਾ ਗਿਰੋਹ, ਦਹਿਸ਼ਤ ’ਚ ਲੋਕ, ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 


shivani attri

Content Editor

Related News