ਮਿਰਚਾਂ ਪਿੱਛੇ ਹੋ ਗਈ ਲੜਾਈ, ਭਰੇ ਬਾਜ਼ਾਰ ’ਚ ਕੁੱਟਿਆ ਮੁੰਡਾ, ਵੀਡੀਓ ਹੋਈ ਵਾਇਰਲ

Friday, Sep 08, 2023 - 01:33 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਸਬਜੀ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਵਲੋਂ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਵਾਪਿਸ ਆ ਰਿਹਾ ਸੀ ਤਾਂ ਇਸ ਦੌਰਾਨ ਸਬਜੀ ਮੰਡੀ ਵਿਚ ਲੱਗੀਆਂ ਰੇਹੜੀਆਂ ਤੋਂ ਉਸਨੇ ਜਦ ਹਰੀਆਂ ਮਿਰਚਾਂ ਦਾ ਰੇਟ ਪੁੱਛਿਆ ਤਾਂ ਰੇਟ ਨੂੰ ਲੈ ਕੇ ਉਸਦੇ ਨਾਲ ਰੇਹੜੀ ਵਾਲਾ ਬਹਿਸ ਕਰਨ ਲੱਗਾ। ਕੁਝ ਸਮੇਂ ਵਿਚ ਹੀ ਉਸਨੇ ਹੋਰ ਮੁੰਡੇ ਬੁਲਾ ਲਏ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਦੌਰਾਨ ਲੋਹੇ ਦੀ ਰਾਡ ਨਾਲ ਉਸਦੇ ਸਿਰ ’ਤੇ ਵੀ ਵਾਰ ਕੀਤੇ ਗਏ। 

ਹਸਪਤਾਲ ਵਿਚ ਇਲਾਜ ਅਧੀਨ ਨੌਜਵਾਨ ਅਨੁਸਾਰ ਉਸ ਨੂੰ ਕਰੀਬ 25 ਤੋਂ 30 ਵਿਅਕਤੀਆਂ ਨੇ ਮਿਲ ਕੇ ਕੁੱਟਿਆ ਜੋ ਕਿ ਸਬਜੀ ਦੀਆਂ ਰੇਹੜੀਆਂ ਦਾ ਕੰਮ ਕਰਦੇ ਹਨ। ਇਸ ਨੌਜਵਾਨ ਨੇ ਕਿਹਾ ਕਿ ਉਸਨੂੰ ਇਨਸਾਫ਼ ਚਾਹੀਦਾ ਹੈ ਕਿ ਉਸ ਨਾਲ ਸ਼ਰੇਆਮ ਕੁੱਟਮਾਰ ਹੋਈ ਅਤੇ ਉਸਨੇ ਭੱਜ ਕੇ ਇਕ ਹੋਟਲ ਵਿਚ ਵੜ੍ਹ ਕੇ ਆਪਣੀ ਜਾਨ ਬਚਾਈ ਹੈ। ਉਧਰ ਦੂਜੇ ਪਾਸੇ ਸਰਕਾਰੀ ਹਸਪਤਾਲ ਵਿਚ ਹੀ ਦਾਖਲ ਦੂਜੀ ਧਿਰ ਦੇ ਨੌਜਵਾਨ ਦਾ ਜਿੱਥੇ ਕੈਮਰੇ ਅੱਗੇ ਸਾਫ਼ ਤੌਰ ’ਤੇ ਇਹ ਮੰਨਣਾ ਹੈ ਕਿ ਉਸਨੇ ਅਤੇ ਉਸਦੇ ਸਾਥੀਆਂ ਨੇ ਉਸ ਨੌਜਵਾਨ ਨੂੰ ਕੁੱਟਿਆ ਹੈ, ਉੱਥੇ ਹੀ ਇਹ ਦਾਖਿਲ ਵਿਅਕਤੀ ਆਪਣੇ ਵੀ ਸੱਟ ਲੱਗਣ ਦੀ ਗੱਲ ਕਰ ਰਿਹਾ ਹੈ।

ਫਿਲਹਾਲ ਸਬਜੀ ਮੰਡੀ ਦੀ ਵਾਇਰਲ ਹੋਈ ਇਸ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਵੀਡੀਓ ਵਿਚ ਨੌਜਵਾਨ ਇਕ ਵਾਰ ਬੇਹੋਸ਼ ਹੋ ਕਿ ਧਰਤੀ ’ਤੇ ਡਿੱਗਦਾ ਵੀ ਨਜ਼ਰ ਆ ਰਿਹਾ ਹੈ। ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਉਸਦੇ ਜ਼ਖ਼ਮੀ ਹੋਣ ’ਤੇ ਉਹ ਸਰਕਾਰੀ ਹਸਪਤਾਲ ਵਿਖੇ ਭਰਤੀ ਹੈ ਅਤੇ ਐੱਮ. ਐੱਲ. ਆਰ. ਪ੍ਰਾਪਤ ਹੋ ਗਈ ਹੈ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


Gurminder Singh

Content Editor

Related News