ਸਰਕਾਰ ਦੇ ਖਰੀਦ ਪ੍ਰਬੰਧਾਂ ਦੇ ਦਾਅਵਿਆਂ ਦੀ ਨਿਕਲੀ ਫੂਕ

04/24/2018 6:21:10 AM

ਸੁਲਤਾਨਪੁਰ ਲੋਧੀ, (ਧੀਰ)- ਕਿਸਾਨਾਂ ਦੀ ਹਰੇਕ ਫਸਲ ਨੂੰ ਖਰੀਦ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵਧੀਆ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਇਸ ਵਾਰ ਹਵਾ ਹੁੰਦੇ ਨਜ਼ਰ ਆ ਰਹੇ ਹਨ। ਕੈਪਟਨ ਸਾਹਿਬ ਦੇ ਪਹਿਲਾਂ ਤੇ ਹੁਣ ਦੇ ਮੌਜੂਦਾ ਰਾਜ 'ਚ ਹਲਕੇ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਖਰੀਦ ਕੰਮ ਸ਼ੁਰੂ ਹੋਣ ਦੇ 10 ਦਿਨਾਂ 'ਚ ਹੀ ਖਰੀਦ ਏਜੰਸੀਆਂ ਕੋਲ ਬਾਰਦਾਨੇ ਦਾ ਟੋਟਾ ਪੈ ਗਿਆ ਹੈ, ਜਿਸ ਕਾਰਨ ਮੰਡੀਆਂ 'ਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਹੌਲੀ-ਹੌਲੀ ਮੁਸ਼ਕਿਲ ਆਉਣੀ ਸ਼ੁਰੂ ਹੋ ਗਈ ਹੈ। ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਲਿਫਟਿੰਗ ਠੇਕੇਦਾਰ ਦੀ ਕਥਿਤ ਲਾਪ੍ਰਵਾਹੀ ਕਾਰਨ ਮੰਡੀ 'ਚ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਜੇਕਰ ਸਥਿਤੀ ਇਹ ਹੀ ਰਹੀ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਫਸਲ ਸੜਕ ਦੇ ਵਿਚਕਾਰ ਢੇਰੀ ਕਰਨ ਲਈ ਮਜਬੂਰ ਹੋਣਾ ਪਵੇਗਾ।
10 ਦਿਨਾਂ 'ਚ ਹੀ ਖਤਮ ਬਾਰਦਾਨਾ 
ਪ੍ਰਾਪਤ ਜਾਣਕਾਰੀ ਅਨੁਸਾਰ 12 ਅਪ੍ਰੈਲ ਤੋਂ ਅੱਜ ਤਕ ਮੰਡੀ 'ਚ ਪਿਛਲੇ ਸਾਲ ਦੇ ਮੁਕਾਬਲੇ ਕਰੀਬ 50 ਫੀਸਦੀ ਤੋਂ ਥੋੜ੍ਹੀ ਜ਼ਿਆਦਾ ਹੀ ਕਣਕ ਮੰਡੀਆਂ 'ਚ ਆਈ ਹੈ ਪਰ ਲਿਫਟਿੰਗ ਸੁਸਤ ਹੋਣ ਕਾਰਨ ਮੰਡੀ 'ਚ ਡੈੱਡ ਲਾਕ ਦੀ ਸਥਿਤੀ ਪੈਦਾ ਹੋ ਗਈ ਹੈ। ਖਰੀਦ ਪ੍ਰਬੰਧ ਪੁਖਤਾ ਹੋਣ ਦੇ ਵਾਅਦਿਆਂ ਦੇ ਬਾਵਜੂਦ ਕਈ ਖਰੀਦ ਏਜੰਸੀਆਂ ਕੋਲ ਬਾਰਦਾਨਾ ਹੀ ਖਤਮ ਹੋ ਗਿਆ ਹੈ, ਜੋ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। 
ਲੇਬਰ ਦੀ ਘਾਟ ਕਾਰਨ ਲਿਫਟਿੰਗ ਦੀ ਰਫਤਾਰ ਘਟੀ 
ਲਿਫਟਿੰਗ ਠੇਕੇਦਾਰ ਵੱਲੋਂ ਲਿਫਟਿੰਗ ਦੇ ਲਈ ਮਜ਼ਦੂਰਾਂ ਦਾ ਪੂਰਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਮੰਡੀ 'ਚ ਗੱਟਿਆਂ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਲਿਫਟਿੰਗ ਤਾਂ ਹੋ ਰਹੀ ਹੈ ਪਰ ਮਾਲ ਗੋਦਾਮ 'ਚ ਉਤਰਨ ਸਮੇਂ ਲੇਬਰ ਦੀ ਘਾਟ ਹੋਣ ਕਾਰਨ ਸਮਾਂ ਬਹੁਤ ਲੱਗ ਰਿਹਾ ਹੈ ਤੇ ਮੰਡੀ 'ਚ ਪੂਰੀ ਰਫਤਾਰ ਨਾਲ ਲਿਫਟਿੰਗ ਨਹੀਂ ਹੋ ਰਹੀ। 
72 ਘੰਟੇ ਤਕ ਲਿਫਟਿੰਗ ਨਾ ਹੋਣ 'ਤੇ ਸਾਡੀ ਜ਼ਿੰਮੇਵਾਰੀ ਹੁੰਦੀ ਹੈ : ਆੜ੍ਹਤੀ
ਆੜ੍ਹਤੀਆਂ ਨੇ ਕਿਹਾ ਕਿ 72 ਘੰਟੇ ਤਕ ਲਿਫਟਿੰਗ ਨਾ ਹੋਣ 'ਤੇ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਪਰ 72 ਘੰਟੇ ਬਾਅਦ ਲਿਫਟਿੰਗ ਨਾ ਹੋਣ ਵਾਲੀ ਕਣਕ ਦੀ ਜ਼ਿੰਮੇਵਾਰੀ ਖਰੀਦ ਏਜੰਸੀ ਦੇ ਅਧਿਕਾਰੀਆਂ ਤੇ ਲਿਫਟਿੰਗ ਠੇਕੇਦਾਰ ਦੀ ਹੈ। ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜਾਂ ਸ਼ਾਰਟੇਜ ਹੋਣ 'ਤੇ ਆੜ੍ਹਤੀ ਜ਼ਿੰਮੇਵਾਰ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਵਲੋਂ ਪੂਰੇ ਬਾਰਦਾਨੇ ਦੇ ਦਾਅਵੇ ਝੂਠੇ ਹਨ। 
ਬਾਰਦਾਨੇ ਦੀ ਕਮੀ ਕਾਰਨ ਖਰੀਦ ਵੀ ਹੋਈ ਪ੍ਰਭਾਵਿਤ 
ਬਾਰਦਾਨੇ ਦੀ ਕਮੀ ਕਾਰਨ ਖਰੀਦ ਵੀ ਪ੍ਰਭਾਵਿਤ ਹੋਈ ਹੈ, ਜਿਸ ਦਾ ਸਬੂਤ ਬੀਤੇ ਦਿਨ ਸੁਲਤਾਨਪੁਰ ਲੋਧੀ ਦੀ ਮੁੱਖ ਦਾਣਾ ਮੰਡੀ ਸਮੇਤ ਕਬੀਰਪੁਰ, ਪਰਮਜੀਤਪੁਰ, ਡਡਵਿੰਡੀ, ਕਮਾਲਪੁਰ ਆਦਿ 'ਚ ਇਕ ਵੀ ਕਣਕ ਦੇ ਦਾਣੇ ਦੀ ਖਰੀਦ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਇਸ ਵਾਰ ਕਣਕ ਦੀ ਖਰੀਦ ਸਮੇਂ ਆਈ ਮੁਸ਼ਕਿਲ ਦਾ ਮੁੱਖ ਕਾਰਨ ਕੇਂਦਰ ਦੀ ਮੁੱਖ ਖਰੀਦ ਏਜੰਸੀ ਐੱਫ. ਸੀ. ਆਈ. ਵੱਲੋਂ ਇਕ ਵੀ ਕੁਇੰਟਲ ਦੀ ਖਰੀਦ ਹਾਲੇ ਤਕ ਨਹੀਂ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੀਆਂ ਖਰੀਦ ਏਜੰਸੀਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। 
ਸਾਡੀ ਖਰੀਦ ਏਜੰਸੀ ਵਲੋਂ ਬਾਰਦਾਨਾ ਪੂਰੀ ਤਰ੍ਹਾਂ ਸਪਲਾਈ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ, ਕਿਸੇ ਹੋਰ ਖਰੀਦ ਏਜੰਸੀ ਦਾ ਬਾਰਦਾਨਾ ਨਾ ਹੋਵੇ। ਮੇਰੇ ਅੱਜ ਵੀ ਕਈ ਆੜ੍ਹਤੀਆਂ ਵੱਲ ਬਾਰਦਾਨਾ ਬਕਾਇਆ ਪਿਆ ਹੈ। 
-ਕੁਲਦੀਪ ਸਿੰਘ, ਪੰਜਾਬ ਐਗਰੋ ਅਧਿਕਾਰੀ।
ਮੇਰੇ ਧਿਆਨ 'ਚ ਇਹ ਗੱਲ ਆਉਂਦੇ ਹੀ ਉਨ੍ਹਾਂ ਅਧਿਕਾਰੀਆਂ ਤੇ ਆੜ੍ਹਤੀਆਂ ਦੀ ਮੀਟਿੰਗ ਬੁਲਾਈ ਹੋਈ ਹੈ, ਜਿਸ 'ਚ ਖਰੀਦ ਤੇ ਬਾਰਦਾਨੇ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਹੈ। ਲਿਫਟਿੰਗ ਦੀ ਸਮੱਸਿਆ ਵੀ ਜਲਦੀ ਹੀ ਹੱਲ ਹੋ ਜਾਵੇਗੀ।
-ਡਾ. ਚਾਰੂਮਿਤਾ, ਐੱਸ. ਡੀ. ਐੱਮ.  
ਕੀ ਕਹਿਣੈ ਮਾਰਕੀਟ ਕਮੇਟੀ ਅਧਿਕਾਰੀ ਦਾ 
ਇਸ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀ ਸੰਜੀਵ ਦੱਤਾ ਸੈਕਟਰੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਮੁੱਖ ਦਾਣਾ ਮੰਡੀ ਸਮੇਤ ਬਾਕੀ ਸਾਰੀਆਂ ਮੰਡੀਆਂ, ਫੋਕਲ ਪੁਆਇੰਟ, ਟਿੱਬਾ, ਤਲਵੰਡੀ ਚੌਧਰੀਆਂ, ਡੱਲਾ, ਕਬੀਰਪੁਰ, ਪਰਮਜੀਤਪੁਰ, ਡਡਵਿੰਡੀ, ਕਮਾਲਪੁਰ, ਮੈਰੀਪੁਰ, ਭਰੋਆਣਾ ਆਦਿ 'ਚ ਕੁਲ 6 ਲੱਖ 81 ਹਜ਼ਾਰ 470 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ 'ਚ ਸਿਰਫ 2 ਲੱਖ 74 ਹਜ਼ਾਰ 370 ਕੁਇੰਟਲ ਦੀ ਹੀ ਲਿਫਟਿੰਗ ਹੋ ਸਕੀ ਹੈ ਤੇ ਬਾਕੀ 4 ਲੱਖ ਕੁਇੰਟਲ ਤੋਂ ਵੀ ਜ਼ਿਆਦਾ ਮੰਡੀਆਂ 'ਚ ਕਣਕ ਅਣਲਿਫਟਿੰਗ ਲਈ ਪਈ ਹੈ, ਜਿਨ੍ਹਾਂ 'ਚ ਜ਼ਿਆਦਾਤਰ ਕਣਕ ਖੁੱਲ੍ਹੇ ਆਸਮਾਨ ਹੇਠਾਂ ਪਈ ਹੈ।


Related News