Big Breaking: ਕਿਸਾਨਾਂ ਨੇ ਰੁਕਵਾ ਦਿੱਤਾ ਸ਼ੁੱਭਕਰਨ ਦਾ ਪੋਸਟਮਾਰਟਮ, ਹਸਪਤਾਲ 'ਚ ਹੋ ਗਿਆ ਹੰਗਾਮਾ (ਵੀਡੀਓ)
Thursday, Feb 29, 2024 - 06:15 AM (IST)
ਪਟਿਆਲਾ (ਵੈੱਬ ਡੈਸਕ): ਖਨੌਰੀ ਬਾਰਡਰ 'ਤੇ ਗੋਲ਼ੀ ਲੱਗਣ ਮਗਰੋਂ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਨੂੰ 9 ਦਿਨ ਬੀਤ ਚੁੱਕੇ ਹਨ, ਪਰ ਉਸ ਦੇ ਪੋਸਟਮਾਰਟਮ ਨੂੰ ਲੈ ਕੇ ਰੇੜਕਾ ਕਾਇਮ ਹੈ। ਪਰਿਵਾਰ ਅਤੇ ਕਿਸਾਨ ਆਗੂਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸ਼ੁੱਭਕਰਨ ਦੇ ਕਾਤਲਾਂ ਖ਼ਿਲਾਫ਼ FIR ਦਰਜ ਕੀਤੀ ਜਾਵੇ, ਉਦੋਂ ਤਕ ਸ਼ੁੱਭਕਰਨ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਪੁਲਸ ਪ੍ਰਸ਼ਾਸਨ ਵੱਲੋਂ ਸ਼ੁੱਭਕਰਨ ਦੇ ਪਰਿਵਾਰ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ FIR ਦਰਜ ਕਰਨ ਨੂੰ ਲੈ ਕੇ ਕੁਝ ਹੱਦ ਤਕ ਸਹਿਮਤੀ ਬਣਦੀ ਨਜ਼ਰ ਵੀ ਆ ਰਹੀ ਸੀ। ਇਸ ਵਿਚਾਲੇ ਕਿਸਾਨਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਖ਼ਦਸ਼ਾ ਹੈ ਕਿ ਚੁੱਪ-ਚਪੀਤੇ ਸ਼ੁੱਭਕਰਨ ਦਾ ਪੋਸਟਮਾਰਟਮ ਕਰਨ ਦੀ ਤਿਆਰੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਜਲਦ ਹੀ ਮੌਕੇ 'ਤੇ ਪਹੁੰਚਣਗੇ।
ਇਹ ਖ਼ਬਰ ਵੀ ਪੜ੍ਹੋ - ਅੰਦੋਲਨ ਵਿਚਾਲੇ ਇਕ ਹੋਰ ਕਿਸਾਨ ਦੀ ਹੋਈ ਮੌਤ, ਅੱਥਰੂ ਗੈਸ ਤੇ ਰਬੜ ਦੀਆਂ ਗੋਲ਼ੀਆਂ ਕਾਰਨ ਵਿਗੜੀ ਸੀ ਸਿਹਤ
ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਸ਼ੁੱਭਕਰਨ ਦੀ ਮ੍ਰਿਤਕ ਦੇਹ ਰੱਖੀ ਗਈ ਹੈ। ਉੱਥੇ ਕਿਸਾਨ ਲਗਾਤਾਰ ਡੇਰਾ ਲਾਈ ਬੈਠੇ ਹਨ। ਇਸ ਵਿਚਾਲੇ ਉੱਥੇ ਪੁਲਸ ਦੀ ਤਾਇਨਾਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੁਲਸ ਦਾ ਪਹਿਰਾ ਬਹੁਤ ਵੱਧ ਚੁੱਕਾ ਹੈ। ਪੁਲਸ ਦੀ ਵੱਧਦੀ ਗਿਣਤੀ ਕਾਰਨ ਸਾਨੂੰ ਸ਼ੱਕ ਹੋ ਰਿਹਾ ਹੈ ਕਿ ਲੁਕ-ਛੁੱਪ ਕੇ ਸ਼ੁੱਭਕਰਨ ਦਾ ਪੋਸਟਮਾਰਟਮ ਨਾ ਕਰਵਾ ਦਿੱਤਾ ਜਾਵੇ। ਅਸੀਂ ਸਰਕਾਰ ਦੀ ਧੱਕੇਸ਼ਾਹੀ ਨਹੀਂ ਚੱਲਣ ਦਿਵਾਂਗੇ। ਸਾਨੂੰ ਭਿਨਕ ਲੱਗੀ ਸੀ ਕਿ ਸ਼ੁੱਭਕਰਨ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ। ਉਨ੍ਹਾਂ ਪਰਿਵਾਰ ਤੇ ਪੁਲਸ ਵਿਚਾਲੇ ਬਣੀ ਸਹਿਮਤੀ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਅਜਿਹਾ ਕੁਝ ਹੋਵੇਗਾ ਤਾਂ ਸਾਡੇ ਆਗੂ ਸਾਨੂੰ ਦੱਸ ਦੇਣਗੇ। ਜਦੋਂ ਤਕ FIR ਦੀ ਕਾਪੀ ਸਾਡੇ ਹੱਥ ਨਹੀਂ ਆਵੇਗੀ, ਅਸੀਂ ਪੋਸਟਮਾਰਟਮ ਨਹੀਂ ਹੋਣ ਦਿਆਂਗੇ। ਕਿਸਾਨ ਆਗੂਆਂ ਨੇ ਮੌਕੇ 'ਤੇ ਪਹੁੰਚੇ ਡਾਕਟਰਾਂ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ। ਕਿਸਾਨ ਲਗਾਤਾਰ ਸ਼ੁੱਭਕਰਨ ਦੀ ਮ੍ਰਿਤਕ ਦੇਹ ਦੇਖਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੁਲਸ ਵੱਲੋਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਬਠਿੰਡਾ ਦੇ ਐੱਸ. ਐੱਸ. ਪੀ. ਨੇ ਮੈਡੀਕਲ ਸੁਪਰੀਡੰਟ ਨਾਲ ਮੁਲਾਕਾਤ ਕੀਤੀ ਸੀ ਜਿਸ ਮਗਰੋਂ ਪੁਲਸ ਦਾ ਪਹਿਰਾ ਵਧਾ ਦਿੱਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8