ਕਿਸਾਨਾਂ ਨੇ ਭਾਜਪਾ ਦੇ ਮੰਡਲ ਪ੍ਰਧਾਨ ਦਾ ਘਰ ਦੂਸਰੇ ਦਿਨ ਵੀ ਘੇਰੀ ਰੱਖਿਆ

Thursday, Oct 15, 2020 - 09:26 PM (IST)

ਬੁਢਲਾਡਾ, (ਬਾਸਲ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਜਿਸਦੇ ਦੂਸਰੇ ਦਿਨ ਵੀ ਭਾਜਪਾ ਦੇ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੇ ਘਰ ਨੂੰ ਘੇਰ ਕੇ ਧਰਨਾ ਲਾ ਕੇ ਸਰਕਾਰ ਅਤੇ ਭਾਜਪਾ ਨੇਤਾਵਾਂ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਧਰਨੇ ਮੌਕੇ ਕਿਸਾਨਾਂ ਦੇ ਵੱਧਦੇ ਰੋਸ ਨੂੰ ਦੇਖਦਿਆਂ ਪੁਲਸ ਵੱਲੋਂ ਸਖਤ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਨੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਬਿੱਲ ਪਾਸ ਕਰਕੇ ਕਿਸਾਨੀ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ। ਉਨਾਂ ਕਿਹਾ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਇਸੇ ਤਰ੍ਹਾਂ ਕਰਦੀ ਰਹੀ ਤਾਂ ਭਾਜਪਾ ਦਾ ਨਾਮੋਂ ਨਿਸ਼ਾਨ ਮਿਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬ) ਨੇ ਭਾਜਪਾ ਦਾ ਸਾਥ ਛੱਡਿਆ ਹੈ ਉਸੇ ਤਰ੍ਹਾਂ ਭਾਜਪਾ ਨੇਤਾਵਾਂ ਨੂੰ ਵੀ ਕਿਸਾਨਾਂ ਦਾ ਸਾਥ ਦੇ ਕੇ ਭਾਜਪਾ ਪਾਰਟੀ ਦਾ ਸਾਥ ਛੱਡਣਾ ਹੀ ਪਵੇਗਾ ਅਤੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਦੇਣਾ ਪਵੇਗਾ। ਇਸ ਮੌਕੇ ਭਾਜਪਾ ਸਰਕਾਰ ਅਤੇ ਆਗੂਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਔਰਤਾਂ ਸਮੇਤ ਬੱਚੇ ਵੀ ਹਾਜ਼ਰ ਸਨ। 
 


Bharat Thapa

Content Editor

Related News