ਕਿਸਾਨ ਜਥੇਬੰਦੀ ਨੇ ਬੀ. ਡੀ. ਪੀ. ਓ. ਦਫਤਰ ਮੂਹਰੇ ਦਿੱਤਾ ਰੋਸ ਧਰਨਾ

02/09/2018 7:53:14 AM

ਪੱਟੀ,  (ਬੇਅੰਤ)-  ਬਲਾਕ ਪੱਟੀ ਦੇ ਪਿੰਡ ਕੈਰੋਂ ਦੇ ਕੁਝ ਕਿਸਾਨਾਂ ਉਪਰ ਬੀ. ਡੀ. ਪੀ. ਓ. ਪੱਟੀ ਦੀ ਸ਼ਿਕਾਇਤ 'ਤੇ ਬੀਤੇ ਮਹੀਨੇ ਪੁਲਸ-ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ, ਜਿਸ ਦੇ ਵਿਰੋਧ ਵਜੋਂ ਕਿਸਾਨ ਸੰਘਰਸ਼ ਕਮੇਟੀ ਸਤਨਾਮ ਪੰਨੂੰ ਦੇ ਸੁਬਾਈ ਆਗੂ ਸੁਖਵਿੰਦਰ ਸਿੰਘ ਸਭਰਾਂ ਦੀ ਅਗਵਾਈ ਹੇਠ ਅੱਜ ਬੀ. ਡੀ. ਪੀ. ਓ. ਦਫਤਰ ਪੱਟੀ ਮੂਹਰੇ ਪੱਕਾ ਮੋਰਚਾ ਲਗਾਉਂਦਿਆਂ ਰੋਸ ਧਰਨਾ ਦਿੱਤਾ ਗਿਆ। 
ਇਸ ਸੰਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਸਾਨ ਆਗੂ ਸਭਰਾਂ ਨੇ ਕਿਹਾ ਕਿ ਪਿੰਡ ਕੈਰੋਂ ਦੀ ਰਿਹਾਇਸ਼ੀ ਸ਼ਾਮਲਾਟ ਉਪਰ ਕੁਝ ਰਸੂਖਦਾਰਾਂ ਵੱਲੋਂ ਨਾਜਾਇਜ਼ ਕਬਜ਼ਾ ਜਮਾਇਆ ਗਿਆ ਸੀ, ਜਿਸ ਨੂੰ ਕਿਸਾਨ ਜਥੇਬੰਦੀ ਵੱਲੋਂ ਕਬਜ਼ਾ ਮੁਕਤ ਕਰਵਾਇਆ ਗਿਆ ਸੀ ਪਰ ਬੀ. ਡੀ. ਪੀ. ਓ. ਪੱਟੀ ਵੱਲੋਂ ਉਲਟਾ ਕਿਸਾਨ ਜਥੇਬੰਦੀ ਦੇ ਆਗੂਆਂ ਉਪਰ ਨਾਜਾਇਜ਼ ਪਰਚਾ ਦਰਜ ਕਰਵਾ ਦਿੱਤਾ ਤੇ ਦੁਬਾਰਾ ਕੁਝ ਲੋਕਾਂ ਵੱਲੋਂ ਰੂੜੀਆਂ ਲਗਾ ਕੇ ਮੁੜ ਕਬਜ਼ਾ ਕਰ ਲਿਆ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਜਥੇਬੰਦੀ ਵੱਲੋਂ ਸ਼ਾਮਲਾਟ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਉਣ ਅਤੇ ਨਾਜਾਇਜ਼ ਪਰਚੇ ਨੂੰ ਰੱਦ ਕਰਵਾਉਣ ਤੱਕ ਬੀ. ਡੀ. ਪੀ. ਓ. ਦਫਤਰ ਪੱਟੀ ਅੰਦਰ ਪੱਕਾ ਮੋਰਚਾ ਲਗਾਇਆ ਗਿਆ ਹੈ। 
ਦੂਸਰੇ ਪਾਸੇ ਬੀ. ਡੀ. ਪੀ. ਓ. ਦਫਤਰ ਅੰਦਰ ਚੱਲ ਰਹੇ ਰੋਸ ਧਰਨੇ ਅੰਦਰ ਪਹੁੰਚੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਉਪਰ ਦਰਜ ਮੁਕੱਦਮੇ ਨੂੰ ਖਾਰਜ ਕਰਵਾ ਦਿੱਤਾ ਜਾਵੇਗਾ ਅਤੇ ਸ਼ਾਮਲਾਟ ਦੀ ਜ਼ਮੀਨ ਉਪਰ ਨਾਜਾਇਜ਼ ਕਬਜ਼ਾ ਵੀ ਹਟਵਾ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਉਹ ਰੋਸ ਧਰਨੇ ਨੂੰ ਖਤਮ ਕਰ ਦੇਣ ਪਰ ਵਿਧਾਇਕ ਗਿੱਲ ਦੇ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਕਿਸਾਨ ਆਗੂਆਂ ਵੱਲੋਂ ਮਾਮਲੇ ਦੇ ਮੁਕੰਮਲ ਹੱਲ ਤਕ ਪੱਕਾ ਮੋਰਚਾ ਜਾਰੀ ਰਹੇਗਾ। 


Related News