ਜ਼ਹਿਰੀਲੀ ਦਵਾਈ ਪੀ ਕੇ ਘਰ ਦੇ ਗੇਟ ’ਤੇ ਪਿਆ ਮਿਲਿਆ ਕਿਸਾਨ

Sunday, Aug 05, 2018 - 06:27 AM (IST)

ਜ਼ਹਿਰੀਲੀ ਦਵਾਈ ਪੀ ਕੇ ਘਰ ਦੇ ਗੇਟ ’ਤੇ ਪਿਆ ਮਿਲਿਆ ਕਿਸਾਨ

ਜਲੰਧਰ, (ਵਰੁਣ)- ਮਿੱਠਾਪੁਰ ਵਿਖੇ ਰਹਿਣ ਵਾਲੇ ਇਕ ਕਿਸਾਨ ਨੇ ਸ਼ਨੀਵਾਰ  ਸ਼ੱਕੀ ਹਾਲਤ ਵਿਚ  ਕੋਈ ਜ਼ਹਿਰੀਲੀ ਦਵਾਈ ਪੀ ਲਈ। ਉਹ ਸ਼ਰਾਬ ਪੀਣ ਦਾ ਆਦੀ ਸੀ  ਪਰ ਪਿਛਲੇ ਕੁਝ ਸਮੇਂ ਤੋਂ  ਸ਼ਰਾਬ ਛੱਡਣ ਦੀਆਂ ਗੱਲਾਂ ਕਰ ਰਿਹਾ ਸੀ। ਸ਼ਨੀਵਾਰ ਦੁਪਹਿਰ ਵੇਲੇ ਜਦੋਂ ਉਹ ਘਰ ਦੇ ਗੇਟ  ਕੋਲ ਲੇਟਿਆ ਮਿਲਿਆ ਤਾਂ ਉਥੋਂ ਲੰਘ ਰਹੇ ਉਸ ਦੇ ਭਰਾਵਾਂ ਨੇ ਉਸ ਨੂੰ ਦੁਪਹਿਰ ਦੇ ਸਮੇਂ ਹੀ ‘ਟੱਲੀ’ ਹੋ ਜਾਣ ਦਾ ਮਜ਼ਾਕ ਕੀਤਾ ਪਰ ਕਿਸਾਨ ਦੀਆਂ ਗੱਲਾਂ ਸੁਣ ਅਤੇ ਉਸ ਕੋਲੋਂ ਸ਼ਰਾਬ ਦੀ  ਬਦਬੂ ਨਾ ਆਉਣ ’ਤੇ ਉਹ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ  ਨੂੰ ਮ੍ਰਿਤਕ  ਕਰਾਰ ਦੇ ਦਿੱਤਾ। ਪੁਲਸ ਨੇ ਲਾਸ਼  ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ। 
ਮਿਲੀ ਜਾਣਕਾਰੀ ਮੁਤਾਬਕ 42 ਸਾਲ ਦਾ ਕੁਲਵੰਤ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਮਿੱਠਾਪੁਰ ਬਹੁਤ  ਸ਼ਰਾਬ ਪੀਂਦਾ ਸੀ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਭਰਾਵਾਂ ਮੱਸਾ ਸਿੰਘ ਅਤੇ ਮਹਿੰਦਰ  ਸਿੰਘ ਨੂੰ ਸ਼ਰਾਬ ਛੱਡ ਦੇਣ ਦੀ ਗੱਲ ਕਹੀ ਸੀ। ਮੱਸਾ ਸਿੰਘ ਅਤੇ ਮਹਿੰਦਰ ਸਿੰਘ ਉਸ ਦੇ ਘਰ  ਦੇ ਕੋਲ ਹੀ ਰਹਿੰਦੇ ਹਨ। ਸ਼ਨੀਵਾਰ ਦੁਪਹਿਰ ਲਗਭਗ ਡੇਢ ਵਜੇ ਜਦੋਂ ਦੋਵੇਂ ਭਰਾ ਕੁਲਵੰਤ  ਸਿੰਘ ਦੇ ਘਰ ਕੋਲੋਂ ਲੰਘ ਰਹੇ ਸਨ ਤਾਂ ਉਹ ਗੇਟ ਕੋਲ ਲੇਟਿਆ ਪਿਆ ਮਿਲਿਆ। ਦੋਵਾਂ ਨੇ  ਸਮਝਿਆ ਕਿ ਉਹ ਸ਼ਰਾਬ ਪੀ ਕੇ ਲੇਟਿਆ ਹੋਇਆ ਹੈ। ਦੋਵਾਂ ਭਰਾਵਾਂ ਨੇ ਜਦੋਂ ਦੁਪਹਿਰ ਵੇਲੇ  ਹੀ ਸ਼ਰਾਬ ਪੀਤੀ ਹੋਣ ਬਾਰੇ ਮਜ਼ਾਕ ਕੀਤਾ ਤਾਂ ਕੁਲਵੰਤ ਸਿੰਘ ਕਹਿਣ ਲੱਗਾ ਕਿ ਹਾਂ, ਇਕ  ਪੈੱਗ ਲਾਇਆ ਹੈ। ਅੱਜ ਤੋਂ ਸ਼ਰਾਬ ਛੱਡ ਦਿੱਤੀ। ਹੁਣ ਚੰਗੀ ਦਵਾਈ ਪੀ ਲਈ ਹੈ। ਦੋਵੇਂ ਭਰਾ  ਕੁਲਵੰਤ ਸਿੰਘ ਨੂੰ ਘਰ ਦੇ ਅੰਦਰ ਲੈ ਗਏ। ਸੁੰਘਣ ’ਤੇ ਪਤਾ ਲੱਗਾ ਕਿ ਉਸ ਨੇ ਸ਼ਰਾਬ ਨਹੀਂ  ਪੀਤੀ। 
ਸ਼ੱਕ ਪੈਣ ’ਤੇ ਦੋਵੇਂ ਭਰਾ ਕੁਲਵੰਤ ਨੂੰ ਇਕ ਨਿੱਜੀ ਹਸਪਤਾਲ ਲੈ ਗਏ ਪਰ ਉਥੇ  ਪਹੁੰਚਣ ’ਤੇ ਉਸ ਨੇ ਦਮ ਤੋੜ ਦਿੱਤਾ। ਸੂਚਨਾ ਮਿਲਦਿਆਂ ਹੀ ਥਾਣਾ 7 ਦੀ ਪੁਲਸ ਮੌਕੇ ’ਤੇ  ਪੁੱਜੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਕੁਲਵੰਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ  ਭੇਜਿਆ। ਫਿਲਹਾਲ ਇਸ ਮਾਮਲੇ ਵਿਚ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਸ਼ੱਕ ਹੈ ਕਿ  ਕੁਲਵੰਤ ਸਿੰਘ ਨੇ ਗਲਤੀ ਨਾਲ ਖੇਤਾਂ ਵਿਚ ਛਿੜਕਾਅ ਕਰਨ ਵਾਲੀ ਕੋਈ ਕੀੜੇਮਾਰ ਦਵਾਈ ਪੀ  ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ 22 ਤੇ 16 ਸਾਲ ਦੇ ਦੋ ਬੱਚੇ ਛੱਡ  ਗਿਆ ਹੈ।
 


Related News