ਵਿਧਾਨ ਸਭਾ ਕਮੇਟੀ ਨੇ ਕਿਸਾਨ ਖੁਦਕੁਸ਼ੀ ਪੀੜਤਾਂ ਦੀ ਸਹੀ ਤਸਵੀਰ ਪੇਸ਼ ਨਹੀਂ ਕੀਤੀ

03/30/2018 7:23:04 AM

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿਧਾਨ ਸਭਾ ਕਮੇਟੀ ਵੱਲੋਂ ਕਿਸਾਨ ਖੁਦਕੁਸ਼ੀਆਂ 'ਤੇ ਦਿੱਤੀ ਗਈ ਰਿਪੋਰਟ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਕੀਤਾ ਗਿਆ ਇਕ ਭੱਦਾ ਮਜ਼ਾਕ ਹੈ, ਕਿਉਂਕਿ ਇਸ ਵਿਚ ਨਾ ਤਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਕਿਸੇ ਮੁੜ-ਵਸੇਬਾ ਪੈਕੇਜ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਨਾ ਹੀ ਇਸ ਤੱਥ ਨੂੰ ਸਵੀਕਾਰਿਆ ਗਿਆ ਹੈ ਕਿ ਮੁਕੰਮਲ ਕਰਜ਼ਾ ਮੁਆਫੀ ਪ੍ਰੋਗਰਾਮ ਨੂੰ ਲਾਗੂ ਕਰਨਾ ਇਕ ਜ਼ਰੂਰਤ ਬਣ ਚੁੱਕੀ ਹੈ।
ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜ਼ਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸੀ ਆਗੂ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਵਿਚ ਬਣਾਈ ਵਿਧਾਨ ਸਭਾ ਕਮੇਟੀ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਹੋਈ ਗੱਲਬਾਤ ਦੀ ਅਸਲੀ ਤਸਵੀਰ ਪੇਸ਼ ਨਹੀਂ ਕੀਤੀ। ਕਾਂਗਰਸ ਸਰਕਾਰ ਨੇ ਸਭ ਤੋਂ ਅਹਿਮ ਰਿਪੋਰਟ ਸੈਸ਼ਨ ਦੇ ਸਭ ਤੋਂ ਅਖੀਰਲੇ ਦਿਨ ਵਿਧਾਨ ਸਭਾ ਵਿਚ ਰੱਖੀ ਅਤੇ ਇਸ ਮੁੱਦੇ 'ਤੇ ਬਹਿਸ ਵੀ ਨਹੀਂ ਹੋਣ ਦਿੱਤੀ। ਇਥੋਂ ਤਕ ਕਿ ਇਸ ਰਿਪੋਰਟ 'ਤੇ ਮੱਤਭੇਦ ਵਾਲਾ ਨੋਟ ਲਿਖਣ ਵਾਲੇ ਅਕਾਲੀ ਦਲ ਦੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਵੀ ਇਸ ਮੁੱਦੇ 'ਤੇ ਅਸੈਂਬਲੀ ਵਿਚ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ। ਇਸ ਰਿਪੋਰਟ ਨੂੰ ਕੋਰਾ ਦਿਖਾਵਾ ਕਰਾਰ ਦਿੰਦਿਆਂ ਗਰੇਵਾਲ ਨੇ ਕਿਹਾ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਇਕ ਸਮਾਂਬੱਧ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ 90 ਹਜ਼ਾਰ ਕਰੋੜ ਦੇ ਕਰਜ਼ਾ ਮੁਆਫੀ ਦੇ ਪ੍ਰੋਗਰਾਮ ਨੂੰ ਵੀ ਤੁਰੰਤ ਲਾਗੂ ਕਰਨਾ ਚਾਹੀਦਾ ਹੈ।  


Related News