ਮੰਤਰੀ ਧਰਮਸੌਤ ਵੱਲੋਂ ਕਿਸ਼ਤੀਆਂ ਤੇ ਟਰੈਕਟਰਾਂ ਰਾਹੀਂ ਸਰਹੱਦੀ ਪਿੰਡਾਂ ''ਚ ਜਾਖੜ ਦੇ ਹੱਕ ''ਚ ਪ੍ਰਚਾਰ ਜਾਰੀ
Friday, Oct 06, 2017 - 09:14 AM (IST)

ਭੋਆ/ਚੰਡੀਗੜ੍ਹ (ਕਮਲ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਨੂੰ ਸਿਖਰਾਂ 'ਤੇ ਪਹੁੰਚਾਉਣ ਅਤੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਵੱਡੀ ਜਿੱਤ ਦਿਵਾਉਣ ਲਈ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਅਤੇ ਸਟੇਸ਼ਨਰੀ ਤੇ ਐੱਸ. ਸੀ. ਬੀ. ਸੀ. ਵੈੱਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਜਿਥੇ ਭੋਆ ਹਲਕੇ 'ਚ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਉਨ੍ਹਾਂ ਵੱਲੋਂ ਬਾਰਡਰ ਏਰੀਏ 'ਚ ਜਿਥੇ ਗੱਡੀਆਂ ਨਹੀਂ ਜਾ ਸਕਦੀਆਂ ਉਥੇ ਪੈਦਲ ਤੁਰ ਕੇ, ਕਿਸ਼ਤੀਆਂ ਅਤੇ ਟਰੈਕਟਰਾਂ ਰਾਹੀਂ ਪਾਣੀ 'ਚੋਂ ਲੰਘ ਕੇ ਜੰਗੀ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਧਰਮਸੌਤ ਨੇ ਅੱਜ ਪੰਜਾਬ ਦੇ ਬਾਰਡਰ ਨਾਲ ਲੱਗਦੇ ਸਭ ਤੋਂ ਪਹਿਲੇ ਪਿੰਡ ਸਿੰਬਲ ਸਕੋਲ ਜੋ ਕਿ ਪੰਜਾਬ ਦੇ ਨੰਬਰ ਇਕ ਹਲਕੇ ਭੋਆ ਦਾ ਪਿੰਡ ਹੋਣ ਦੇ ਨਾਲ-ਨਾਲ ਪੰਜਾਬ ਦਾ ਨੰਬਰ 1 ਬੂਥ ਵੀ ਹੈ, ਵਿਖੇ ਕਿਸ਼ਤੀ ਰਾਹੀਂ ਜਾ ਕੇ ਜਿਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਉਨ੍ਹਾਂ ਤੋਂ ਉਮੀਦਵਾਰ ਜਾਖੜ ਲਈ ਵੋਟਾਂ ਵੀ ਮੰਗੀਆਂ।
ਗੱਲਬਾਤ ਕਰਦਿਆਂ ਸ. ਧਰਮਸੌਤ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬਾਰਡਰ ਏਰੀਏ ਦੇ ਲੋਕਾਂ ਨੂੰ ਅਣਗੌਲਿਆ ਕੀਤਾ ਹੋਇਆ ਹੈ, ਅੱਜ ਇਸ ਏਰੀਏ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ। ਸ. ਧਰਮਸੌਤ ਨੇ ਉਨ੍ਹਾਂ ਲੋਕਾਂ ਦੀਆਂ ਸੇੱਸਿਆਵਾਂ ਸੁਣ ਕੇ ਭਰੇ ਮਨ ਨਾਲ ਕਿਹਾ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਥੋਂ ਕਈ ਵਾਰ ਭਾਜਪਾ ਦਾ ਸੰਸਦ ਮੈਂਬਰ ਜਿੱਤ ਦਰਜ ਕਰਦਾ ਰਿਹਾ ਪਰ ਇਸ ਇਲਾਕੇ ਦੇ ਲੋਕ ਅੱਜ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਦੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਤੇ ਸਕੱਤਰ ਯਸ਼ਪਾਲ ਧੀਮਾਨ ਸਮੇਤ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ।