ਬਜ਼ੁਰਗ ਮਾਂ ਨੂੰ ਮਰਨ ਦੇ ਲਈ ਹਸਪਤਾਲ ''ਚ ਛੱਡ ਕੇ ਭੱਜਿਆ ਪੁੱਤਰ, ਧੀ ਨੇ ਪੁੱਤ ਬਣਕੇ ਸੰਭਾਲਿਆ

Sunday, Aug 06, 2017 - 06:26 AM (IST)

ਬਜ਼ੁਰਗ ਮਾਂ ਨੂੰ ਮਰਨ ਦੇ ਲਈ ਹਸਪਤਾਲ ''ਚ ਛੱਡ ਕੇ ਭੱਜਿਆ ਪੁੱਤਰ, ਧੀ ਨੇ ਪੁੱਤ ਬਣਕੇ ਸੰਭਾਲਿਆ

ਲੁਧਿਆਣਾ, (ਸਹਿਗਲ, ਸਲੂਜਾ)- ਇਕ ਮਾਂ ਹੀ ਹੁੰਦੀ ਹੈ ਜੋ ਆਪਣੀ ਕੁੱਖ 'ਚ ਪਲ ਰਹੇ ਬੱਚੇ ਨੂੰ ਜਨਮ ਦੇਣ ਤੋਂ ਲੈ ਕੇ ਅੰਤਿਮ ਸਾਹਾਂ ਤਕ ਆਪਣੇ ਸੀਨੇ ਨਾਲ ਲਾ ਕੇ ਰੱਖਦੀ ਹੈ। ਬੱਚਾ ਕੁਝ ਸਮੇਂ ਲਈ ਇਧਰ ਉਧਰ ਹੋ ਜਾਵੇ ਤਾਂ ਇਕਦਮ ਪ੍ਰੇਸ਼ਾਨ ਹੋ ਜਾਂਦੀ ਹੈ ਜਦ ਬੱਚਾ ਜਵਾਨ ਹੋ ਜਾਂਦਾ ਹੈ ਤਾਂ ਸੁਪਨੇ ਸਜਾਉਂਦੀ ਹੈ ਕਿ ਬੁਢਾਪੇ 'ਚ ਮੇਰਾ ਸਹਾਰਾ ਬਣੇਗਾ ਪਰ ਜਦ ਇਕ ਪੁੱਤਰ ਆਪਣੀ ਬੀਮਾਰ ਮਾਂ ਨੂੰ ਹਸਪਤਾਲ 'ਚ ਛੱਡ ਕੇ ਭੱਜ ਜਾਵੇ ਤਾਂ ਇਕ ਮਾਂ ਦੇ ਦਿਲ 'ਤੇ ਕੀ ਬੀਤਦੀ ਹੋਵੇਗੀ, ਇਹ ਤਾਂ ਉਹ ਹੀ ਜਾਣਦੀ ਹੈ। ਇਸੇ ਤਰ੍ਹਾਂ ਦੀ ਹੀ ਇਕ ਦਿਲ ਕੰਬਾਊ ਘਟਨਾ ਸਥਾਨਕ ਹਸਪਤਾਲ 'ਚ ਵਾਪਰੀ। ਇਥੇ ਇਕ ਪੁੱਤਰ ਆਪਣੀ ਮਾਂ ਨੂੰ ਇਲਾਜ ਲਈ ਦਾਖਲ ਕਰਵਾਉਣ ਦੇ ਬਾਅਦ ਇਸ ਤਰ੍ਹਾਂ ਗੁੰਮ ਹੋਇਆ ਕਿ ਅੱਜ ਤਕ ਉਸਦਾ ਕੋਈ ਅਤਾ-ਪਤਾ ਨਹੀਂ ਹੈ। ਕਹਿੰਦੇ ਹਨ ਕਿ ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ। ਇਸ ਕਲਯੁਗ 'ਚ ਇਕ ਪੁੱਤਰ ਤਾਂ ਮਾਂ ਦਾ ਸਾਥ ਛੱਡ ਗਿਆ ਪਰ ਇਕ ਸਮਾਜ ਸੇਵੀ ਸੰਸਥਾ ਨੂਰ ਸੇਵਾ ਸੰਮਤੀ ਨੇ ਬਜ਼ੁਰਗ ਮਹਿਲਾ ਨੂੰ ਬਚਾਉਣ ਦੀ ਠਾਣ ਲਈ। ਇਸ ਸੰਸਥਾ ਦੀ ਵਾਲੰਟੀਅਰ ਗਗਨਦੀਪ ਕੌਰ ਨੇ ਦੱਸਿਆ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਦਿਮਾਗੀ ਅਤੇ ਸਰੀਰਕ ਤੌਰ 'ਤੇ ਬੀਮਾਰ ਇਸ 58 ਸਾਲਾ ਬਜ਼ੁਰਗ ਮਹਿਲਾ ਦਾ ਨਾਂ ਮਨਜੀਤ ਕੌਰ ਹੈ। ਜਿਸ ਨੂੰ ਇਸਦੇ ਕਲਯੁਗੀ ਬੇਟੇ ਨੇ ਸਾਹ 'ਚ ਤਕਲੀਫ ਅਤੇ ਬੁਖਾਰ ਦੀ ਵਜ੍ਹਾ ਨਾਲ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਸੀ ਅਤੇ ਲੈਬ 'ਚ ਟੈਸਟ ਦੇਣ ਦੇ ਬਹਾਨੇ ਉਥੋਂ ਫਰਾਰ ਹੋ ਗਿਆ। ਜਦ ਬਜ਼ੁਰਗ ਦੀ ਦੇਖਭਾਲ ਕਰਨ ਦੇ ਲਈ ਕੋਈ ਨਾ ਮਿਲਿਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਸਾਰਾ ਮਾਮਲਾ ਪੁਲਸ ਦੇ ਨੋਟਿਸ 'ਚ ਲਿਆਂਦਾ ਅਤੇ ਉਸਦੇ ਬੇਟੇ ਨੂੰ ਤਲਾਸ਼ਣ ਦੀ ਗੁਹਾਰ ਲਾ ਦਿੱਤੀ। ਸਮਾਜ ਸੇਵੀ ਸੰਸਥਾ ਨੇ ਇਸ ਬਜ਼ੁਰਗ ਮਹਿਲਾ ਦੇ ਦਰਦ ਨੂੰ ਸਮਝਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਇਸ ਵੀਡੀਓ ਨੂੰ ਜਦ ਇਸ ਮਹਿਲਾ ਦੇ ਕੈਨੇਡਾ ਰਹਿੰਦੇ ਭਤੀਜੇ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸਨੇ ਉਸੇ ਸਮੇਂ ਆਪਣੇ ਅੰਮ੍ਰਿਤਸਰ ਰਹਿੰਦੇ ਪਿਤਾ ਦਲਬੀਰ ਸਿੰਘ ਨੂੰ ਇਸ ਸਬੰਧ ਵਿਚ ਦੱਸਿਆ ਤਾਂ ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕੀਤਾ। ਸਭ ਤੋਂ ਪਹਿਲਾਂ ਉਕਤ ਬਜ਼ੁਰਗ ਮਹਿਲਾ ਦੀ ਬੇਟੀ ਆਂਚਲਪ੍ਰੀਤ ਉਸ ਨੂੰ ਮਿਲਣ ਪਹੁੰਚੀ ਤਾਂ ਦੋਵੇਂ ਭਾਵੁਕ ਹੋ ਗਈਆਂ। ਆਂਚਲ ਨੇ ਦੱਸਿਆ ਕਿ ਉਸਦਾ ਭਰਾ ਰਾਜੂ ਹੈ ਜੋ ਪੇਸ਼ੇ 'ਚ ਦੈਨਿਕ ਅਖਬਾਰ 'ਚ ਕੰਮ ਕਰਦਾ ਹੈ ਜੋ ਬੁਰੀ ਸੰਗਤ ਵਿਚ ਪੈ ਚੁੱਕਿਆ ਹੈ। ਆਂਚਲ ਨੇ ਦੱਸਿਆ ਕਿ ਉਹ ਤਰਨਤਾਰਨ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਪਰਿਵਾਰ ਵਾਲਿਆਂ ਨੇ ਸਮਾਜ ਸੇਵੀ ਸੰਸਥਾ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੱਖੜੀ ਤੋਂ ਪਹਿਲਾ ਇਕ ਭਰਾ ਨੂੰ ਇਕ ਭੈਣ ਨਾਲ ਮਿਲਾ ਦਿੱਤਾ। ਇਸ ਤੋਂ ਚੰਗਾ ਕੁਝ ਹੋਰ ਹੋ ਨਹੀਂ ਸਕਦਾ। 


Related News