ਕੋਰੋਨਾ ਵਾਇਰਸ : ਘੱਟ ਹੁੰਦਾ ਜਾ ਰਿਹੈ ਕਰਫਿਊ ਦਾ ਅਸਰ

03/30/2020 11:00:31 PM

ਕਪੂਰਥਲਾ, (ਮਹਾਜਨ)— ਕੋਰੋਨਾ ਵਾਇਰਸ ਕਾਰਣ ਚੀਨ, ਅਮਰੀਕਾ ਤੇ ਇਟਲੀ 'ਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਭਾਰਤ ਨੇ ਇਸ ਵਾਇਰਸ ਤੋਂ ਬਚਣ ਲਈ ਵੀ ਕਰਫਿਊ, ਲਾਕਡਾਊਨ ਕੀਤਾ ਗਿਆ ਹੈ ਪਰ ਲੋਕ ਫਿਰ ਵੀ ਘਰਾਂ 'ਚ ਰਹਿ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਕਰਫਿਊ ਦੌਰਾਨ ਪੁਲਸ ਵੱਲੋਂ ਇਕ-ਦੋ ਦਿਨ ਤਾਂ ਪੂਰੀ ਤਰ੍ਹਾਂ ਸਖਤੀ ਕੀਤੀ ਗਈ ਸੀ, ਜਿਸ ਕਾਰਣ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਸਨ ਪਰ ਜਿਵੇਂ-ਜਿਵੇਂ ਦਿਨ ਬੀਤਣ ਲੱਗੇ ਪ੍ਰਸ਼ਾਸਨ ਤੇ ਪੁਲਸ ਦੀ ਨਰਮੀ ਦਾ ਲੋਕਾਂ ਨੇ ਗਲਤ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਸਿਰਫ ਪੁਲਸ ਦੇ ਆਉਣ 'ਤੇ ਲੋਕ ਆਪਣੇ ਘਰਾਂ ਤੋਂ ਭੱਜ ਰਹੇ ਹਨ ਤੇ ਚਲੇ ਜਾਣ ਤੋਂ ਬਾਅਦ ਬਾਹਰ ਨਿਕਲ ਆਉਂਦੇ ਹਨ।

PunjabKesari

ਨਹੀਂ ਦਿਸ ਰਿਹਾ ਕਰਫਿਊ ਵਰਗਾ ਕੋਈ ਮਾਹੌਲ
ਕਰਫਿਊ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਘਰ 'ਚ ਹੀ ਮੁਹੱਈਆ ਕਰਵਾਉਣ ਲਈ ਕਰਿਆਨਾ, ਫਲ, ਸਬਜ਼ੀਆਂ, ਦੁੱਧ, ਦਵਾਈਆਂ ਆਦਿ ਦੁਕਾਨਦਾਰਾਂ ਨੂੰ ਵੱਡੀ ਗਿਣਤੀ 'ਚ ਪਾਸ ਜਾਰੀ ਕਰਨ ਤੋਂ ਬਾਅਦ ਹੁਣ ਲੋਕਾਂ ਨੂੰ ਹਰ ਸਾਮਾਨ ਘਰਾਂ ਤਕ ਆਸਾਨੀ ਨਾਲ ਮਿਲਣਾ ਸ਼ੁਰੂ ਹੋ ਗਿਆ ਹੈ ਪਰ ਇਸ ਦਾ ਉਲਟ ਅਸਰ ਇਹ ਹੋ ਰਿਹਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਲਾਇਸੈਂਸ ਜਾਰੀ ਹੋਣ ਤੋਂ ਬਾਅਦ ਸ਼ਹਿਰ 'ਚ ਕਰਫਿਊ ਵਰਗਾ ਕੋਈ ਮਾਹੌਲ ਦਿਖਾਈ ਨਹੀਂ ਦੇ ਰਿਹਾ ਹੈ। ਹਾਲਾਂਕਿ ਸ਼ਹਿਰ 'ਚ ਅਜੇ ਤਕ ਕੋਈ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਪਰ ਜਿਸ 'ਤੇ ਸ਼ਹਿਰ ਵਾਸੀਆਂ ਵੱਲੋਂ ਇਸ ਨੂੰ ਅਣਦੇਖਾ ਕਰਦੇ ਹੋਏ ਸੜਕਾਂ ਤੇ ਘੁੰਮ ਰਹੇ ਹਨ, ਉਸ ਨਾਲ ਇਸ ਬੀਮਾਰੀ ਦੇ ਫੈਲਣ ਦਾ ਖਤਰਾ ਬਰਕਰਾਰ ਹੈ।

ਰੇਟ ਲਿਸਟ ਜਾਰੀ ਕਰਨ ਤੋਂ ਬਾਅਦ ਵੀ ਨਹੀਂ ਰੁਕ ਰਹੀ ਕਾਲਾਬਾਜ਼ਾਰੀ
ਕਰਫਿਊ ਦੀ ਆੜ 'ਚ ਵੈਸੇ ਤਾਂ ਸਭ ਦੁਕਾਨਦਾਰਾਂ ਵੱਲੋਂ ਰੇਟ ਕਾਫੀ ਵਧਾ ਦਿੱਤੇ ਗਏ ਹਨ ਪਰ ਬੀਤੇ ਦਿਨ ਜ਼ਿਲਾ ਪ੍ਰਸ਼ਾਸਨ ਵੱਲੋਂ ਕੁਝ ਇਕ ਖਿਲਾਫ ਕਾਰਵਾਈ ਕਰਨ 'ਤੇ ਹੋਰਾਂ ਨੂੰ ਚਿਤਾਵਨੀ ਦੇਣ ਤੋਂ ਬਾਅਦ ਕਾਫੀ ਹੱਦ ਤਕ ਇਸ 'ਤੇ ਰੋਕ ਲੱਗੀ ਹੈ ਪਰ ਅਜੇ ਵੀ ਗਲੀ ਮੁਹੱਲਿਆਂ 'ਚ ਰੇਹੜੀਆਂ 'ਤੇ ਸਬਜ਼ੀ ਵੇਚਣ ਵਾਲੇ ਲੋਕਾਂ 'ਚ ਮਨਮਾਨੇ ਤਰੀਕੇ ਨਾਲ ਸਬਜ਼ੀਆਂ ਦੇ ਦਾਮ ਵਸੂਲ ਰਹੇ ਹਨ।

ਆਊਟ ਆਫ ਕੰਟਰੋਲ ਦਵਾਈ ਵਿਕਰੇਤਾਵਾਂ ਦੇ ਬਾਹਰ ਲੋਕਾਂ ਦੀ ਭੀੜ
ਭਾਵੇਂ ਸਥਾਨਕ ਪ੍ਰਸ਼ਾਸਨ ਵੱਲੋਂ ਦਵਾਈ ਵਿਕਰੇਤਾਵਾਂ ਨੂੰ ਆਪਣੇ ਦੁਕਾਨਾਂ ਦੇ ਬਾਹਰ ਭੀੜ ਇਕੱਠੀ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ, ਹਾਲਾਂਕਿ ਇਹ ਨਿਰਦੇਸ਼ ਪੂਰੇ ਜ਼ਿਲੇ ਭਰ 'ਚ ਲਾਗੂ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਸ਼ਹਿਰ 'ਚ ਲਗਭਗ ਸਭ ਮੈਡੀਕਲ ਸਟੋਰਾਂ ਦੇ ਬਾਹਰ ਸਵੇਰ ਤੋਂ ਹੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾਤਰ ਦਵਾਈਆਂ ਵਿਕਰੇਤਾਵਾਂ ਦੀਆਂ ਦੁਕਾਨਾਂ ਦੇ ਬਾਹਰ ਪੀ. ਸੀ. ਆਰ. ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਵੀ ਦਵਾਈ ਵਿਕਰੇਤਾਵਾਂ ਦੀਆਂ ਦੁਕਾਨਾਂ 'ਤੇ ਡਿਸਟੈਂਸ ਬਣਾ ਕੇ ਲੋਕ ਖੜ੍ਹੇ ਨਹੀਂ ਹੋ ਰਹੇ।

ਘਰਾਂ ਤਕ ਪਹੁੰਚ ਰਿਹਾ ਸਾਮਾਨ, ਬਿਨਾਂ ਕੰਮ ਦੇ ਨਾ ਆਓ ਬਾਹਰ : ਡੀ. ਸੀ.
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਬਣ ਚੁੱਕੀ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਕਰਫਿਊ ਲਾਇਆ ਗਿਆ ਸੀ। ਇਸ ਦੌਰਾਨ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਤਕ ਰਾਸ਼ਨ ਸਮੱਗਰੀ ਪਹੁੰਚਾਈ ਜਾ ਰਹੀ ਹੈ, ਜਿਨ੍ਹਾਂ ਲੋਕਾਂ ਨੂੰ ਰਾਸ਼ਨ ਸਮੱਗਰੀ ਤੇ ਹੋਰ ਵਸਤੂਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਲੋਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।


KamalJeet Singh

Content Editor

Related News