ਜ਼ਮੀਨੀ ਰਿਕਾਰਡ ’ਚ ਉਰਦੂ ਅਤੇ ਫ਼ਾਰਸੀ ਦੇ ਸ਼ਬਦਾਂ ਦੀ ਸਰਦਾਰੀ, ਨਵੀਂ ਪੀੜ੍ਹੀ ਲਈ ਬਣੀ ਚੁਣੌਤੀ

Friday, May 21, 2021 - 07:34 PM (IST)

ਜ਼ਮੀਨੀ ਰਿਕਾਰਡ ’ਚ ਉਰਦੂ ਅਤੇ ਫ਼ਾਰਸੀ ਦੇ ਸ਼ਬਦਾਂ ਦੀ ਸਰਦਾਰੀ, ਨਵੀਂ ਪੀੜ੍ਹੀ ਲਈ ਬਣੀ ਚੁਣੌਤੀ

ਬਾਘਾ ਪੁਰਾਣਾ (ਚਟਾਨੀ) : ਦੇਸ਼ ਦੀ ਵੰਡ ਹੋਇਆਂ ਭਾਵੇਂ 7 ਦਹਾਕੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਜ਼ਮੀਨੀ ਰਿਕਾਰਡ ਵਿਚ ਵਰਤੀ ਜਾਣ ਵਾਲੀ ਸ਼ਬਦਾਵਲੀ  ਵਿੱਚ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ। ਉਰਦੂ ਅਤੇ ਫ਼ਾਰਸੀ ਵਾਲੇ ਉਹ ਸ਼ਬਦ ਜੋ 1947 ਤੋਂ ਪਹਿਲਾਂ ਵਰਤੇ ਜਾਂਦੇ ਸਨ, ਉਹੀ ਸ਼ਬਦ ਅਜੇ ਵੀ ਜਿਵੇਂ ਦੇ ਤਿਵੇਂ ਆਪਣੇ ਸਥਾਨ ਉਪਰ ਹਨ। 80-85 ਸਾਲ ਵਾਲੇ ਬਜ਼ੁਰਗ ਤਾਂ ਮਾਲ ਮਹਿਕਮੇ ਅੰਦਰ ਵਰਤੀ ਜਾਣ ਵਾਲੀ ਭਾਸ਼ਾ ਤੋਂ ਜਾਣੂੰ ਹਨ ਪਰ ਵੰਡ ਤੋਂ ਬਾਅਦ ਵਾਲੀ ਪੀੜ੍ਹੀ ਦੀ ਸਮਝ ਤੋਂ ਉਰਦੂ ਅਤੇ ਫ਼ਾਰਸੀ ਵਾਲੇ ਸ਼ਬਦ ਪੂਰੀ ਤਰ੍ਹਾਂ ਬਾਹਰ ਹਨ। ਕਚਹਿਰੀਆਂ ਵਿਚ ਰਜਿਸਟਰੀਆਂ ਆਦਿ ਲਿਖਣ ਵਾਲੇ ਅਤੇ ਪਟਵਾਰੀ ਤਾਂ ਅਜਿਹੀਆਂ ਭਾਸ਼ਾਵਾਂ ਤੋਂ ਪੂਰੀ ਤਰ੍ਹਾਂ ਇਸੇ ਕਰ ਕੇ ਜਾਣੂੰ ਹਨ ਕਿਉਂਕਿ ਨੌਕਰੀਆਂ ਅਤੇ ਲਾਇਸੰਸ ਲਈ ਯੋਗਤਾਵਾਂ ਦੀ ਪੂਰਤੀ ਲਈ ਇਹ ਉਨ੍ਹਾਂ ਦੇ ਸਿਲੇਬਸ ਵਿਚ ਮੁੱਢਲੇ ਤੌਰ ’ਤੇ ਸ਼ਾਮਿਲ ਹਨ।ਕਾਨੂੰਨਗੋ, ਨਾਇਬ ਤਹਿਸੀਲਦਾਰ, ਤਹਿਸੀਲਦਾਰ, ਮਾਲ ਅਫ਼ਸਰ ਅਤੇ ਹੋਰ ਉੱਚ ਅਫ਼ਸਰ ਤਾਂ ਅਜਿਹੀ ਭਾਸ਼ਾ ਦੇ ਨਿਪੁੰਨ ਹੈ ਹੀ ਹਨ।

ਇਹ ਵੀ ਪੜ੍ਹੋ :ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ 'ਤੇ ਸਿਆਸੀ ਘਮਸਾਨ, ਕੈਪਟਨ-ਯੋਗੀ ਦੀਆਂ ਵੱਖ-ਵੱਖ ਦਲੀਲਾਂ

ਮਾਲ ਮਹਿਕਮੇ ਵਿਚ ਵਰਤੇ ਜਾਣ ਵਾਲੇ ਦੋ ਸੌ ਦੇ ਕਰੀਬ ਅਜਿਹੇ ਸ਼ਬਦ ਹਨ ਜੋ ਉਰਦੂ ਅਤੇ ਫ਼ਾਰਸੀ ਭਾਸ਼ਾ ਦੇ ਹਨ। ਸਧਾਰਨ ਲੋਕ ਅਜਿਹੇ ਸ਼ਬਦਾਂ ਦੇ ਅਰਥ ਅਸਲੋਂ ਹੀ ਸਮਝ ਨਹੀਂ ਸਕਦੇ। ਭਾਵੇਂ ਹੁਣ ਰਜਿਸਟਰੀਆਂ ਅਤੇ ਹੋਰ ਕਈ ਕਿਸਮ ਦੀਆਂ ਅਰਜ਼ੀਆਂ ਪੰਜਾਬੀ ਭਾਸ਼ਾ ਵਿਚ ਲਿਖੀਆਂ ਤਾਂ ਜਾਂਦੀਆਂ ਹਨ ਪਰ ਉਨ੍ਹਾਂ ਰਜਿਸਟਰੀਆਂ ਵਿਚ ਉਰਦੂ ਅਤੇ ਫ਼ਾਰਸੀ ਸ਼ਬਦਾਂ ਦੀ ਬਹੁਤਾਤ ਹੁੰਦੀ ਹੈ। ਜੇਕਰ ਅਜਿਹੇ ਸ਼ਬਦਾਂ ਨੂੰ ਨਿਰੋਲ ਪੰਜਾਬੀ ਭਾਸ਼ਾ ਵਿਚ ਲਿਖ ਦਿੱਤਾ ਜਾਵੇ ਤਾਂ ਹੋਰ ਵੀ ਬਿਹਤਰ ਹੋ ਸਕਦਾ ਹੈ।

ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!

ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਉਰਦੂ ਅਤੇ ਫ਼ਾਰਸੀ ਜ਼ੁਬਾਨ ਨਾਲ ਉਹ ਬਹੁਤ ਪਿਆਰ ਕਰਦੇ ਹਨ ਪਰ ਚੜ੍ਹਦੇ ਪੰਜਾਬ ਦੀ ਬੋਲੀ ਵਿਚ ਮਾਲ ਮਹਿਕਮੇ ਦਾ ਰਿਕਾਰਡ ਹੋਵੇ ਤਾਂ ਬਿਹਤਰ ਹੋਵੇਗਾ। 200 ਕਰੀਬ ਉਰਦੂ ਅਤੇ ਫ਼ਾਰਸੀ ਦੇ ਚੋਣਵੇਂ ਸ਼ਬਦਾਂ ’ਚੋਂ, ਅਰਾਜ਼ੀ, ਉਜ਼ਰ, ਅਰਸਾ, ਵਸੀਕਾ, ਰਹਿਨ, ਅਕਸ ਸਿਜਰਾ, ਖੇਵਟ, ਹਕੂਕ, ਸਪੁਰਦਗੀ, ਬੈਨਾਮਾ, ਮੁਸ਼ਤਰਕਾ, ਮਨਸੂਖ਼, ਮੁਚੱਲਕਾ, ਬੈਨਾਮਾ, ਫਰੀਕ ਅਵਲ, ਅਰਸਾ, ਫਰਦ, ਤਰਮੀਮ, ਦਾਖਲ ਖਾਰਜ, ਬਿਲ ਮੁਕਤਾ, ਮਾਲੀਅਤ, ਮੁਸ਼ਤਰੀ, ਕਬਜ਼ਾ ਮਾਲਕਾਨਾ, ਪਿਸਰ, ਉਜਰ, ਤਮਲੀਕ ਨਾਮਾ ਆਦਿ ਹਨ।ਆਮ ਲੋਕਾਂ ਨੇ ਵੀ ਮੰਗ ਕੀਤੀ ਕਿ ਉਰਦੂ ਅਤੇ ਫ਼ਾਰਸੀ ਦੇ ਸਾਰੇ ਸ਼ਬਦਾਂ ਨੂੰ ਨਿਰੋਲ ਪੰਜਾਬੀ ਅਤੇ ਹੋਰਨਾਂ ਸਭਨਾਂ ਰਾਜਾਂ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਕਰ ਕੇ ਮਾਨਤਾ ਦੇਣੀ ਚਾਹੀਦੀ ਹੈ।

ਨੋਟ: ਕੀ ਜ਼ਮੀਨ ਦਾ ਸਾਰਾ ਰਿਕਾਰਡ ਪੰਜਾਬੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News