ਅਕਾਲੀ ਦਲ ਵੱਲੋਂ ਕਾਂਗਰਸ ਖਿਲਾਫ਼ ਜ਼ਿਲਾ ਪੱਧਰੀ ਰੋਸ ਧਰਨਾ
Tuesday, Jun 13, 2017 - 07:29 AM (IST)
ਹੁਸ਼ਿਆਰਪੁਰ, (ਘੁੰਮਣ)- ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਸਾਂਝੇ ਤੌਰ 'ਤੇ ਅੱਜ ਕਾਂਗਰਸ ਸਰਕਾਰ ਖਿਲਾਫ਼ ਰੋਸ ਧਰਨੇ ਦਿੱਤੇ ਗਏ। ਇਸੇ ਕੜੀ ਤਹਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੇ ਬਾਹਰ ਵੀ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲਾ ਪ੍ਰਧਾਨ ਸ਼ਹਿਰੀ ਨੇ ਕਿਹਾ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰ ਕੇ ਰੇਤਾ ਦੇ ਠੇਕੇ ਆਪਣੇ ਨੌਕਰਾਂ ਦੇ ਨਾਂ 'ਤੇ ਲੈ ਲਏ। ਇਸ ਲਈ ਕੈਬਨਿਟ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੀ ਸੀ. ਬੀ. ਆਈ. ਜਾਂ ਈ. ਡੀ. ਤੋਂ ਜਾਂਚ ਕਰਵਾਉਣ ਤੋਂ ਇਲਾਵਾ ਹੁਣ ਤੱਕ ਹੋਈ ਰੇਤਾ ਦੀਆਂ ਖੱਡਾਂ ਦੀ ਨਿਲਾਮੀ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਸ ਖਿਲਾਫ਼ ਕਰਵਾਈ ਗਈ ਜਾਂਚ ਸਿਰਫ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ।
ਚੇਅਰਮੈਨ ਸਰਬਜੋਤ ਸਿੰਘ ਸਾਬੀ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਥੋੜ੍ਹੇ ਸਮੇਂ ਦੇ ਕਾਰਜਕਾਲ ਤੋਂ ਹੀ ਲੋਕ ਦੁਖੀ ਹੋਣੇ ਸ਼ੁਰੂ ਹੋ ਗਏ ਹਨ ਅਤੇ ਅੱਜ ਸੜਕਾਂ 'ਤੇ ਉਤਰ ਪਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਈ ਸੀ, ਉਹ ਮੁੜ ਇਹੀ ਕਹਿ ਰਹੇ ਹਨ ਕਿ ਇਸ ਤੋਂ ਚੰਗਾ ਤਾਂ ਅਕਾਲੀ ਦਲ ਹੀ ਸੀ, ਜਿਸ ਦੀ ਕਹਿਣੀ ਤੇ ਕਰਨੀ 'ਚ ਕੋਈ ਅੰਤਰ ਨਹੀਂ ਸੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਹਿੰਦੇ ਸਨ, ਉਹ ਕਰਦੇ ਵੀ ਸਨ। ਉਨ੍ਹਾਂ ਕਿਹਾ ਕਿ ਸਿਆਸੀ ਸ਼ਹਿ 'ਤੇ ਰਾਜਨੀਤਿਕ ਵਿਰੋਧੀਆਂ ਖਿਲਾਫ਼ ਝੂਠੇ ਕੇਸ ਦਰਜ ਹੋਣੇ ਸ਼ੁਰੂ ਹੋ ਗਏ ਹਨ ਅਤੇ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਈ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਦਲਿਤਾਂ 'ਤੇ ਅੱਤਿਆਚਾਰ ਬੰਦ ਹੋਣੇ ਚਾਹੀਦੇ ਹਨ ਅਤੇ ਸਰਕਾਰ ਨੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰੇ।
ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲਾ ਪ੍ਰਧਾਨ ਦਿਹਾਤੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਬਣੀ ਨੂੰ ਅਜੇ 3 ਮਹੀਨੇ ਨਹੀਂ ਹੋਏ ਅਤੇ ਲੋਕਾਂ 'ਤੇ ਜਬਰ-ਜ਼ੁਲਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਅਤੇ ਸੂਬੇ 'ਚ ਸਿਆਸੀ ਵਿਰੋਧੀਆਂ 'ਤੇ ਜਬਰ-ਜ਼ੁਲਮ ਬੰਦ ਹੋਣਾ ਚਾਹੀਦਾ ਹੈ।
ਮਨਜੀਤ ਸਿੰਘ ਦਸੂਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ 'ਚ ਇਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਨੇ ਵੱਡੇ-ਵੱਡੇ ਘਪਲੇ ਕੀਤੇ ਤੇ ਦੇਸ਼ ਨੂੰ ਲੁੱਟਿਆ ਅਤੇ ਹੁਣ ਰਾਣਾ ਗੁਰਜੀਤ ਸਿੰਘ ਵਰਗੇ ਮੰਤਰੀਆਂ ਨੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਸੰਘਰਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ 'ਚ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ ਅਤੇ ਕਿਸਾਨ ਅੱਜ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ 'ਤੇ ਜੋ ਅੱਤਿਆਚਾਰ ਹੋ ਰਿਹਾ ਹੈ, ਉਹ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ। ਰੋਜ਼ਾਨਾ ਲੁੱਟ-ਖੋਹ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਧਰਨੇ ਉਪਰੰਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉੱਜਵਲ ਰਾਹੀਂ ਰਾਜਪਾਲ ਪੰਜਾਬ ਨੂੰ ਮੰਗ-ਪੱਤਰ ਵੀ ਭੇਜਿਆ ਗਿਆ।
ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਸ਼੍ਰੋਮਣੀ ਕਮੇਟੀ, ਅਰਵਿੰਦਰ ਸਿੰਘ ਰਸੂਲਪੁਰ, ਕਮਲਜੀਤ ਸਿੰਘ ਤੁੱਲੀ, ਤੀਕਸ਼ਣ ਸੂਦ ਸਾਬਕਾ ਕੈਬਨਿਟ ਮੰਤਰੀ, ਸ਼ਿਵ ਸੂਦ ਮੇਅਰ ਨਗਰ ਨਿਗਮ, ਪ੍ਰੇਮ ਸਿੰਘ ਸੀਨੀ. ਡਿਪਟੀ ਮੇਅਰ, ਤਜਿੰਦਰ ਸਿੰਘ ਸੋਢੀ, ਸੁਖਵਿੰਦਰ ਸਿੰਘ ਮੂਨਕਾਂ, ਇਕਬਾਲ ਸਿੰਘ ਜੌਹਲ, ਅਰੁਨੇਸ਼ ਸ਼ਾਕਰ ਸਾਬਕਾ ਕੈਬਨਿਟ ਮੰਤਰੀ, ਮੇਜਰ ਸਿੰਘ ਮਹਿਤਪੁਰ, ਬੀਬੀ ਸੁਖਜੀਤ ਕੌਰ ਸਾਹੀ, ਕਮਲਜੀਤ ਸਿੰਘ ਕੁਲਾਰ, ਬਰਿੰਦਰ ਸਿੰਘ ਪਰਮਾਰ ਜ਼ਿਲਾ ਪ੍ਰਧਾਨ ਅਕਾਲੀ ਦਲ ਆਈ. ਟੀ. ਵਿੰਗ, ਬਲਜਿੰਦਰ ਸਿੰਘ ਹੀਰਾਹਰ, ਤਜਿੰਦਰ ਸਿੰਘ ਕੱਕੋਂ, ਰਾਣਾ ਰਣਵੀਰ ਸਿੰਘ, ਗੁਰਸਿਮਰਨ ਸਿੰਘ ਸੋਢੀ, ਸਤਿੰਦਰ ਸਿੰਘ ਸੰਧੂ, ਸੰਦੀਪ ਸੰਧੂ, ਗੁਰਜਿੰਦਰ ਸਿੰਘ ਚੱਕ, ਸੋਨੂੰ ਟੇਰਕਿਆਣਾ, ਸੋਨਾ ਬਲੱਗਣ, ਪਰਮਜੀਤ ਸਿੰਘ ਸੋਢੀ ਆਦਿ ਸਮੇਤ ਵੱਡੀ ਗਿਣਤੀ 'ਚ ਅਕਾਲੀ ਦਲ ਤੇ ਭਾਜਪਾ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੋਏ।
ਰੈਲੀ ਦੌਰਾਨ ਮੋਰਚਿਆਂ ਦੀ ਧੌਂਸ ਰਹੀ ਚਰਚਿਤ : ਅਕਾਲੀ ਦਲ ਨੂੰ ਹੁਣ ਫਿਰ ਇਕ ਵਾਰ ਪੰਥ ਤੇ ਕਿਰਸਾਨੀ ਦਾ ਚੇਤਾ ਆਇਆ। ਅੱਜ ਦੇ ਰੋਸ ਧਰਨੇ 'ਚ ਕਈ ਬੁਲਾਰਿਆਂ ਵੱਲੋਂ ਪੰਥ ਤੇ ਕਿਰਸਾਨੀ ਨੂੰ ਬਚਾਉਣ ਲਈ ਸੱਦਾ ਦਿੱਤਾ ਗਿਆ ਤੇ ਕਿਹਾ ਕਿ ਕਾਂਗਰਸ ਸਰਕਾਰ ਜੇਕਰ ਪੰਜਾਬ 'ਚ ਅੱਤਿਆਚਾਰ ਕਰੇਗੀ ਤੇ ਲੋਕਾਂ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰੇਗੀ ਤਾਂ ਉਸ ਖਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ, ਜਿਸ ਤਰ੍ਹਾਂ ਪਹਿਲਾਂ ਵੀ ਅਕਾਲੀ ਦਲ ਵੱਲੋਂ ਮੋਰਚੇ ਲਾਏ ਜਾਂਦੇ ਰਹੇ ਹਨ।
ਇਸ ਰੈਲੀ 'ਚ ਮੋਰਚਿਆਂ ਦੀ ਧੌਂਸ ਪੂਰੀ ਤਰ੍ਹਾਂ ਚਰਚਿਤ ਰਹੀ। ਇਕ ਲੀਡਰ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਹੁਣ ਸਾਢੇ 4 ਸਾਲ ਅਸੀਂ ਮੋਰਚੇ ਹੀ ਲਾਵਾਂਗੇ।
ਭਾਜਪਾ ਵਰਕਰਾਂ 'ਚ ਘੱਟ ਦਿਸਿਆ ਉਤਸ਼ਾਹ : ਅਕਾਲੀ ਦਲ ਤੇ ਭਾਜਪਾ ਵੱਲੋਂ ਸਾਂਝੇ ਤੌਰ 'ਤੇ ਧਰਨਾ ਦਿੱਤਾ ਗਿਆ। ਅੱਜ ਦੇ ਇਸ ਧਰਨੇ 'ਚ ਭਾਜਪਾ ਦੇ ਵੱਡੇ ਲੀਡਰ ਤਾਂ ਪਹੁੰਚੇ ਹੋਏ ਸਨ, ਪ੍ਰੰਤੂ ਵਰਕਰਾਂ ਦੀ ਘੱਟ ਹਾਜ਼ਰੀ ਰੜਕਦੀ ਰਹੀ। ਜ਼ਿਆਦਾਤਰ ਅਕਾਲੀ ਦਲ ਦੇ ਹੀ ਜ਼ਿਲਾ ਵਰਕਰ ਨਜ਼ਰ ਆਏ। ਭਾਜਪਾ ਵਰਕਰਾਂ 'ਚ ਇਸ ਰੈਲੀ ਪ੍ਰਤੀ ਬਹੁਤਾ ਉਤਸ਼ਾਹ ਨਜ਼ਰ ਨਹੀਂ ਆਇਆ।
