ਪਾਣੀ ਦੀ ਕਿੱਲਤ ਤੋਂ ਦੁਖੀ ਲੋਕਾਂ ਖਾਲੀ ਬਾਲਟੀਆਂ ਨਾਲ ਕੀਤਾ ਪ੍ਰਦਰਸ਼ਨ
Friday, Apr 06, 2018 - 12:27 AM (IST)

ਰੂਪਨਗਰ, (ਵਿਜੇ)- ਸ਼ਹਿਰ ਨਾਲ ਸਬੰਧਤ ਪੰਜ ਕੌਂਸਲਰਾਂ ਨੇ ਵਾਟਰ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਵਰਤਮਾਨ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਦੀ ਕਾਰਜ ਪ੍ਰਣਾਲੀ ਨੂੰ ਭੇਦ-ਭਾਵ ਵਾਲੀ ਦੱਸਦੇ ਹੋਇਆਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦੇ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਜਦੋਂ ਕਿ ਦੂਜੇ ਪਾਸੇ ਪਾਣੀ ਦੀ ਸਮੱਸਿਆ ਸਬੰਧੀ ਸ਼ਹਿਰ ਦੇ ਲੋਕਾਂ ਨੇ ਖਾਲੀ ਬਾਲਟੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਸਥਾਨਕ ਫੂਲ ਚੱਕਰ ਮੁਹੱਲਾ ਦੇ ਵਾਸੀਆਂ ਨੇ ਵਾਟਰ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਖਾਲੀ ਬਾਲਟੀਆਂ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਾਰਡ ਅਤੇ ਸ਼ਹਿਰ 'ਚ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ ਅਤੇ ਪਾਣੀ ਕਦੇ-ਕਦੇ ਆਉਂਦਾ ਹੈ, ਉਹ ਵੀ ਘੱਟ ਸਮੇਂ ਲਈ। ਜਦੋਂਕਿ ਹਾਲੇ ਗਰਮੀਆਂ ਦਾ ਮੌਸਮ ਸ਼ੁਰੂ ਨਹੀਂ ਹੋਇਆ ਪਰ ਪਾਣੀ ਦੀ ਕਿੱਲਤ ਸ਼ੁਰੂ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਵੱਲੋਂ ਵਾਟਰ ਸਪਲਾਈ ਨੂੰ ਲੈ ਕੇ ਵੱਡੇ-ਵੱਡੇ ਐਲਾਨ ਕੀਤੇ ਗਏ ਸੀ ਕਿ ਸ਼ਹਿਰ 'ਚ ਪਾਣੀ ਦੀ ਨਵੀਂ ਟੈਂਕੀ ਬਣਾਈ ਗਈ ਹੈ ਪਰ ਪਾਣੀ ਦੀ ਸਮੱਸਿਆ ਪਹਿਲਾਂ ਤੋਂ ਵੱਧ ਗਈ ਹੈ। ਨਗਰ ਕੌਂਸਲ ਦੇ ਕੌਂਸਲਰ ਪੋਮੀ ਸੋਨੀ, ਅਮਰਜੀਤ ਸਿੰਘ ਜੌਲੀ, ਗੁਰਮੀਤ ਸਿੰਘ ਰਿੰਕੂ, ਰਵਿੰਦਰ ਕੌਰ ਜੱਗੀ, ਸਲੀਮ ਕੁਮਾਰ ਮਿਨੀ ਦੇ ਇਲਾਵਾ ਰਾਜੇਸ਼ਵਰ ਲਾਲੀ, ਯੂਥ ਕਾਂਗਰਸ ਲੋਕ ਸਭਾ ਦੇ ਸਕੱਤਰ ਕ੍ਰਿਸ਼ਨਾ ਸੈਣੀ ਅਤੇ ਪਰਮਿੰਦਰ ਪਿੰਕਾ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਹੈ ਕਿ ਸ਼ਹਿਰ 'ਚ ਪਾਣੀ ਦੀ ਸਮੱਸਿਆ ਨੂੰ ਤੁਰੰਤ ਦੂਰ ਕੀਤਾ ਜਾਵੇ। ਦੂਜੇ ਪਾਸੇ ਸ਼ਹਿਰ 'ਚ ਲੋਕਾਂ ਦਾ ਕਹਿਣਾ ਹੈ ਕਿ ਜੋ ਪਾਣੀ ਆ ਰਿਹਾ ਹੈ, ਉਹ ਦੂਸ਼ਿਤ ਹੈ, ਜਿਸ ਦਾ ਰੰਗ ਹਲਕਾ ਪੀਲਾ ਨਜ਼ਰ ਆਉਂਦਾ ਹੈ ਅਤੇ ਪਾਣੀ 'ਚ ਬਦਬੂ ਆਉਂਦੀ ਰਹਿੰਦੀ ਹੈ। ਇਹ ਪਾਣੀ ਪੀਣ ਯੋਗ ਨਹੀਂ। ਇਸ ਲਈ ਸ਼ਹਿਰ 'ਚ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।