ਮੰਗਾਂ ਸਬੰਧੀ ਵਫਦ ਨੇ ਐਡੀਸ਼ਨਲ ਡੀ. ਸੀ. ਨੂੰ ਦਿੱਤਾ ਮੰਗ ਪੱਤਰ

Tuesday, Jan 30, 2018 - 07:41 AM (IST)

ਮੰਗਾਂ ਸਬੰਧੀ ਵਫਦ ਨੇ ਐਡੀਸ਼ਨਲ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਫਤਿਹਗੜ੍ਹ, (ਜੱਜੀ)- ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਦੇਵ ਸਿੰਘ ਦੀ ਅਗਵਾਈ 'ਚ ਅੱਜ ਇਕ ਵਫਦ ਆਪਣੀਆਂ ਮੰਗਾਂ ਸਬੰਧੀ ਐਡੀਸ਼ਨਲ ਡਿਪਟੀ ਕਮਿਸ਼ਨਰ ਜੇ. ਕੇ. ਜੈਨ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਦੇਵ ਸਿੰਘ ਅਤੇ ਮੀਤ ਪ੍ਰਧਾਨ ਜਤਿੰਦਰ ਬਾਂਸਲ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਮੋਟੀਵੇਟਰ ਵਰਕਰ ਪਿਛਲੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਪਰ ਇਸ ਸਖਤ ਮਿਹਨਤ ਅਤੇ ਡਿਉੂਟੀ ਬਦਲੇ ਉਨ੍ਹਾਂ ਨੂੰ ਮਹੀਨਾਵਾਰ ਪੱਕੀ ਤਨਖਾਹ ਦੀ ਥਾਂ ਸਿਰਫ ਨਾਮਾਤਰ ਜਿਹਾ ਮਾਣ-ਭੱਤਾ ਹੀ ਦਿੱਤਾ ਜਾ ਰਿਹਾ ਹੈ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਸੰਭਵ ਨਹੀਂ ਹੈ। ਬਹੁਤ ਸਾਰੇ ਜ਼ਿਲਿਆਂ ਵਿਚ ਵੱਖ-ਵੱਖ ਬਲਾਕਾਂ ਵਿਚ ਕੰਮ ਕਰਦੇ ਕਈ ਮਾਸਟਰ ਮੋਟੀਵੇਟਰਾਂ ਅਤੇ ਮੋਟੀਵੇਟਰਾਂ ਦੇ ਬਿੱਲ ਹਾਲੇ ਤੱਕ ਵੀ ਕਲੀਅਰ ਨਹੀਂ ਕੀਤੇ ਜਾ ਰਹੇ, ਜਿਸ ਨਾਲ ਵਰਕਰਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਮਹੀਨਾਵਾਰ ਪੱਕੀ ਤਨਖਾਹ ਅਤੇ ਸਾਡੀਆਂ ਬਾਕੀ ਮੰਗਾਂ ਅਤੇ ਸਮੱਸਿਆਵਾਂ ਦੇ ਸਬੰਧ ਵਿਚ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਮੰਤਰੀਆਂ ਨੂੰ ਵੀ ਮਿਲ ਕੇ ਅਤੇ ਲਿਖਤੀ ਸੂਚਿਤ ਕਰ ਚੁੱਕੇ ਹਾਂ ਪਰ ਸਾਡੀਆਂ ਮੰਗਾਂ ਅਤੇ ਸਮੱਸਿਆਵਾਂ ਦੀ ਸੁਣਵਾਈ ਨਾ ਕੀਤੇ ਜਾਣ ਕਰ ਕੇ ਪੂਰੇ ਪੰਜਾਬ ਵਿਚ ਕੰਮ ਕਰਦੇ ਮੋਟੀਵੇਟਰ ਵਰਕਰ ਗਹਿਰੇ ਰੋਸ ਅਤੇ ਸਦਮੇ ਵਿਚ ਹਨ। 
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਥੇਬੰਦੀ ਵੱਲੋਂ ਪੂਰੇ ਪੰਜਾਬ ਵਿਚ 1 ਅਤੇ 2 ਫਰਵਰੀ ਨੂੰ ਜ਼ਿਲਾ ਪੱਧਰੀ ਅਰਥੀ ਫੂਕ ਮੁਜ਼ਾਹਰੇ ਅਤੇ 7 ਫਰਵਰੀ ਨੂੰ ਸਵੇਰੇ 11 ਵਜੇ ਤੋਂ ਕਾਦੀਆਂ ਜ਼ਿਲਾ ਗੁਰਦਾਸਪੁਰ ਵਿਚ ਰੋਸ ਰੈਲੀ ਮਾਰਚ ਕਰਦੇ ਹੋਏ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ਅੱਗੇ ਘਿਰਾਓ ਕਰ ਕੇ  ਰੋਸ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਰੋਜ਼ੀ, ਜਗਜੀਤ ਸਿੰਘ, ਕਮਲਦੀਪ ਕੌਰ, ਪ੍ਰਦੀਪ ਕੌਰ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਕੁਲਦੀਪ ਸਿੰਘ ਸੰਧੂ, ਹਰਪ੍ਰੀਤ ਕੌਰ ਤੇ ਮਨਪ੍ਰੀਤ ਸਿੰਘ ਸ਼ਾਮਲ ਸਨ।


Related News