ਖਰੀਦਦਾਰੀ ਕਰਨ ਜਾ ਰਹੇ ਕਾਰ ਸਵਾਰ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ

Sunday, Feb 04, 2018 - 09:40 AM (IST)


ਚੰਡੀਗੜ (ਸੁਸ਼ੀਲ) - ਦੋਸਤਾਂ ਨਾਲ ਖਰੀਦਦਾਰੀ ਕਰਨ ਜਾ ਰਹੇ ਕਾਰ ਸਵਾਰ ਨੌਜਵਾਨ ਦੀ ਸੈਕਟਰ-38 ਲਾਈਟ ਪੁਆਇੰਟ ਨੇੜੇ ਸ਼ਨੀਵਾਰ ਨੂੰ ਸ਼ੱਕੀ ਹਾਲਾਤ 'ਚ ਮੌਤ ਹੋ ਗਈ।  ਕਾਰ ਚਾਲਕ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਨੌਜਵਾਨ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਦੀ ਪਛਾਣ 27 ਸਾਲਾ ਮਲੋਆ ਵਾਸੀ ਅਸ਼ੋਕ ਦੇ ਰੂਪ 'ਚ ਹੋਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਅਸ਼ੋਕ ਡੀ ਜੇ ਵਜਾਉਣ ਦਾ ਕੰਮ ਕਰਦਾ ਸੀ। ਸੈਕਟਰ-39 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਦੋਸਤਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਸੂਚਨਾ ਅਸ਼ੋਕ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਮ੍ਰਿਤਕ ਅਸ਼ੋਕ ਦੇ ਪਰਿਵਾਰਕ ਮੈਂਬਰ ਸੈਕਟਰ-16 ਹਸਪਤਾਲ ਪਹੁੰਚ ਗਏ ਸਨ।

ਪੀ. ਸੀ. ਆਰ. ਕਰਮਚਾਰੀਆਂ ਨੇ ਨੌਜਵਾਨ ਨੂੰ ਪਹੁੰਚਾਇਆ ਹਸਪਤਾਲ
ਸੈਕਟਰ-39 ਥਾਣਾ ਪੁਲਸ ਨੇ ਦੱਸਿਆ ਕਿ ਮਲੋਆ ਵਾਸੀ ਅਸ਼ੋਕ ਆਪਣੇ ਦੋ ਦੋਸਤਾਂ ਨਾਲ ਸ਼ਨੀਵਾਰ ਸ਼ਾਮੀਂ ਪੰਜ ਵਜੇ ਸ਼ਾਪਿੰਗ ਲਈ ਨਿਕਲਿਆ ਸੀ, ਜਦੋਂ ਗੱਡੀ ਸੈਕਟਰ-38 ਦੀ ਲਾਈਟ ਪੁਆਇੰਟ ਨੇੜੇ ਪਹੁੰਚੀ ਤਾਂ ਅਸ਼ੋਕ ਨੂੰ ਦੌਰੇ ਪੈਣ ਲੱਗੇ। ਉਸਦੇ ਦੋਸਤਾਂ ਨੇ ਲਾਈਟ ਪੁਆਇੰਟ ਨੇੜੇ ਪੀ. ਸੀ. ਆਰ. ਖੜ੍ਹੀ ਵੇਖ ਕੇ ਗੱਡੀ ਉਨ੍ਹਾਂ ਕੋਲ ਰੋਕੀ ਅਤੇ ਅਸ਼ੋਕ ਦੀ ਤਬੀਅਤ ਖਰਾਬ ਹੋਣ ਬਾਰੇ ਪੀ. ਸੀ. ਆਰ. ਕਰਮਚਾਰੀਆਂ ਨੂੰ ਦੱਸਿਆ। ਪੀ. ਸੀ. ਆਰ. ਕਰਮੀ ਅਸ਼ੋਕ ਨੂੰ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਜਾਂਚ ਮਗਰੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੋਵੇਂ ਦੋਸਤਾਂ ਦੇ ਬਿਆਨ ਦਰਜ ਕੀਤੇ। ਅਸ਼ੋਕ ਦੀ ਮੌਤ ਦਾ ਅਸਲ ਕਾਰਨ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।


Related News