ਫਸਲ ''ਚ ਗੰਦਾ ਪਾਣੀ ਛੱਡਣ ਨੂੰ ਲੈ ਕੇ ਹੋਏ ਝਗੜੇ ''ਚ ਜ਼ਖਮੀ ਵਿਅਕਤੀ ਦੀ ਮੌਤ

Monday, Oct 30, 2017 - 02:12 PM (IST)

ਫਸਲ ''ਚ ਗੰਦਾ ਪਾਣੀ ਛੱਡਣ ਨੂੰ ਲੈ ਕੇ ਹੋਏ ਝਗੜੇ ''ਚ ਜ਼ਖਮੀ ਵਿਅਕਤੀ ਦੀ ਮੌਤ


ਗੁਰੂਹਰਸਹਾਏ (ਭੀਮ) - ਥਾਣਾ ਲੱਖੋ ਕੇ ਬਹਿਰਾਮ ਦੇ ਅਧੀਨ ਪੈਂਦੇ ਪਿੰਡ ਮੇਘਾ ਰਾਏ ਹਿਠਾੜ ਵਿਖੇ ਬੀਤੀ 25 ਅਕਤੂਬਰ ਨੂੰ ਫਸਲ ਨੂੰ ਘਰਾਂ ਦਾ ਗੰਦਾ ਪਾਣੀ ਛੱਡਣ ਨੂੰ ਲੈ ਕੇ ਹੋਏ ਝਗੜੇ 'ਚ ਜ਼ਖਮੀ ਹੋਏ ਵਿਅਕਤੀ ਦੀ ਮੌਤ ਹੋ ਗਈ ਹੈ। ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਮ੍ਰਿਤਕ ਵਿਅਕਤੀ ਮੱਖਣ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਮੱਖਣ ਸਿੰਘ ਪੁੱਤਰ ਪੱਲੂ ਸਿੰਘ ਵਾਸੀ ਮੇਘਾ ਰਾਏ ਹਿਠਾੜ ਦੇ ਬੇਟੇ ਬਿਸੰਬਰ ਸਿੰਘ ਨੇ ਕਿਹਾ ਕਿ ਸਾਡੀ ਜ਼ਮੀਨ ਪਿੰਡ ਨਾਲ ਲੱਗਦੀ ਹੈ ਤੇ ਪਿੰਡ ਦੇ ਵਿਅਕਤੀ ਗੁਰਮੇਜ ਸਿੰਘ ਪੁੱਤਰ ਦਲੀਪ ਸਿੰਘ, ਕੁਲਵੰਤ ਸਿੰਘ ਪੁੱਤਰ ਦਲੀਪ ਸਿੰਘ, ਸੁੱਖਾ ਸਿੰਘ ਪੁੱਤਰ ਸੁਰਜੀਤ ਸਿੰਘ, ਸੋਨਾ ਸਿੰਘ ਪੁੱਤਰ ਬਹਾਲ, ਸੁਰਜੀਤ ਸਿੰਘ ਪੁੱਤਰ ਬਹਾਲ ਸਿੰਘ, ਮਨਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀਆਨ ਮੇਘਾ ਰਾਏ ਹਿਠਾੜ ਸਾਡੀ ਜ਼ਮੀਨ 'ਚ ਬਿਜਾਈ ਕੀਤੀ ਫਸਲ 'ਚ ਘਰਾਂ ਦਾ ਗੰਦਾ ਪਾਣੀ ਛੱਡ ਦਿੰਦੇ ਸਨ। ਉਨ੍ਹਾਂ ਕਿਹਾ ਕਿ 25 ਅਕਤੂਬਰ ਦੀ ਦੇਰ ਸ਼ਾਮ ਨੂੰ ਮੇਰੇ ਪਿਤਾ ਮੱਖਣ ਸਿੰਘ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਦੋਸ਼ੀਆਂ ਨੇ ਮੇਰੇ ਪਿਤਾ 'ਤੇ ਰੰਜਿਸ਼ ਕੱਢਣ ਲਈ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਭਰਤੀ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਪਰ ਮੇਰੇ ਪਿਤਾ ਮੱਖਣ ਸਿੰਘ ਨੇ ਜ਼ਖਮਾਂ ਦੀ ਤਾਬ ਨਾ ਸਹਿਣ ਕਰਦੇ ਹੋਏ ਬੀਤੀ ਰਾਤ ਇਲਾਜ ਦੌਰਾਨ ਫਰੀਦਕੋਟ ਵਿਖੇ ਦਮ ਤੋੜ ਦਿੱਤਾ, ਜਿਸਦੇ ਆਧਾਰ 'ਤੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


Related News