ਬੀਤੇ ਦਿਨੀਂ ਟਰੈਕਟਰ ਹੇਠਾਂ ਆਉਣ ਨਾਲ ਜ਼ਖ਼ਮੀ ਹੋਏ ਬਜ਼ੁਰਗ ਮਜ਼ਦੂਰ ਦੀ ਹੋਈ ਮੌਤ
Sunday, Apr 22, 2018 - 02:25 AM (IST)
ਗੁਰਦਾਸਪੁਰ, (ਵਿਨੋਦ)- ਲਗਭਗ 10 ਦਿਨ ਪਹਿਲਾ ਪਿੰਡ ਜੱਟੂਵਾਲ ਵਿਚ ਇਕ ਕਿਸਾਨ ਦੇ ਟਰੈਕਟਰ ਦੇ ਹੇਠਾਂ ਆਉਣ ਨਾਲ ਜੋ ਮਜ਼ਦੂਰ ਜ਼ਖ਼ਮੀ ਹੋਇਆ ਸੀ ਉਸ ਦੀ ਬੀਤੀ ਰਾਤ ਹਸਪਤਾਲ ਵਿਚ ਮੌਤ ਹੋ ਗਈ। ਬੇਸ਼ੱਕ ਪੁਲਸ ਇਸ ਘਟਨਾ ਨੂੰ ਅਚਾਨਕ ਹੋਈ ਘਟਨਾ ਦੱਸ ਰਹੀ ਹੈ, ਜਦਕਿ ਪੀੜਤ ਪਰਿਵਾਰ ਨੇ ਇਸ ਨੂੰ ਪੁਰਾਣੀ ਰੰਜਿਸ਼ ਅਧੀਨ ਟਰੈਕਟਰ ਦੇ ਹੇਠਾਂ ਦੇ ਕੇ ਮਾਰਨ ਦਾ ਦੋਸ਼ ਲਾਇਆ ਹੈ।
ਕੀ ਦੋਸ਼ ਲਾਏ ਪੀੜਤ ਪਰਿਵਾਰ ਨੇ
ਇਸ ਸਬੰਧੀ ਮਰਨ ਵਾਲੇ ਮਹਿੰਦਰ ਮਸੀਹ ਨਿਵਾਸੀ ਜੱਟੂਵਾਲ ਦੀ ਪਤਨੀ ਵੀਰੋ ਅਤੇ ਲੜਕੇ ਅਜੇ ਮਸੀਹ ਨੇ ਟਰੈਕਟਰ ਚਾਲਕ ਗੁਰਪ੍ਰੀਤ ਨਿਵਾਸੀ ਜੱਟੂਵਾਲ 'ਤੇ ਦੋਸ਼ ਲਾਇਆ ਕਿ ਮ੍ਰਿਤਕ ਦੀ ਪਤਨੀ ਵੀਰੋ ਉਕਤ ਕਿਸਾਨ ਦੇ ਘਰ ਕੰਮਕਾਜ ਕਰਦੀ ਸੀ ਅਤੇ ਕੁਝ ਸਮੇਂ ਤੋਂ ਇਹ ਕੰਮ ਉਸ ਨੇ ਛੱਡ ਦਿੱਤਾ ਸੀ, ਜਿਸ ਕਾਰਨ ਕਿਸਾਨ ਪਰਿਵਾਰ ਸਾਡੇ ਨਾਲ ਰੰਜਿਸ਼ ਰੱਖਦਾ ਸੀ। ਜਿਸ ਦੇ ਕਾਰਨ 11 ਅਪ੍ਰੈਲ ਨੂੰ ਜਦ ਮਹਿੰਦਰ ਮਸੀਹ ਆਪਣੇ ਘਰ ਦੇ ਬਾਹਰ ਬੈਠਾ ਸੀ ਤਾਂ ਗੁਰਪ੍ਰੀਤ ਨੇ ਆਪਣੇ ਟਰੈਕਟਰ- ਟਰਾਲੀ 'ਤੇ ਖੇਤਾਂ ਵਿਚ ਜਾਂਦੇ ਸਮੇਂ ਮਹਿੰਦਰ ਮਸੀਹ ਨੂੰ ਹੇਠਾਂ ਦੇ ਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਬੀਤੇ ਦਿਨ ਇਲਾਜ ਦੇ ਚਲਦੇ ਮੌਤ ਹੋ ਗਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਬਹੁਤ ਹੀ ਹਲਕੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਸੀ। ਅੱਜ ਪੀੜਤ ਪਰਿਵਾਰ ਜ਼ਿਲਾ ਪੁਲਸ ਮੁਖੀ ਨੂੰ ਮਿਲਿਆ ਅਤੇ ਇਨਸਾਫ ਦੀ ਗੁਹਾਰ ਲਾਈ।
ਕੀ ਬਿਆਨ ਦਿੱਤਾ ਦੂਜੇ ਪੱਖ ਨੇ
ਇਸ ਸਬੰਧੀ ਗੁਰਪ੍ਰੀਤ ਦੇ ਪਿਤਾ ਸੁੱਚਾ ਸਿੰਘ ਦਾ ਕਹਿਣਾ ਹੈ ਕਿ ਮਹਿੰਦਰ ਮਸੀਹ ਦਾ ਪਰਿਵਾਰ ਪੂਰੀ ਤਰ੍ਹਾਂ ਨਾਲ ਗਲਤ ਦੋਸ਼ ਲਾ ਰਿਹਾ ਹੈ ਜਦਕਿ ਵੀਰੋ ਆਪਣੀ ਕਿਸੇ ਮਜ਼ਬੂਰੀ ਵਸ ਸਾਡੇ ਘਰ ਤੋਂ ਕੰਮ ਛੱਡ ਕੇ ਗਈ ਸੀ ਅਤੇ ਜੋ ਹਾਦਸਾ ਹੋਇਆ ਸੀ ਉਹ ਇਕ ਸਾਧਾਰਨ ਹਾਦਸਾ ਸੀ। ਸਾਡਾ ਪਰਿਵਾਰ ਬੀਤੇ 10 ਦਿਨਾਂ ਤੋਂ ਜ਼ਖਮੀ ਮਹਿੰਦਰ ਮਸੀਹ ਦਾ ਇਲਾਜ ਕਰਵਾ ਰਿਹਾ ਸੀ। ਮਹਿੰਦਰ ਮਸੀਹ ਦਾ ਪਰਿਵਾਰ ਸਾਡੇ ਨਾਲ ਸਮਝੌਤਾ ਕਰਨ ਦੇ ਬਦਲੇ ਮੋਟੀ ਰਾਸ਼ੀ ਦੀ ਮੰਗ ਕਰ ਰਿਹਾ ਸੀ ਜੋ ਸਾਡੇ ਵੱਸ ਦੀ ਗੱਲ ਨਹੀਂ ਸੀ, ਜਿਸ ਕਾਰਨ ਸਾਨੂੰ ਫਸਾਇਆ ਜਾ ਰਿਹਾ ਹੈ।
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ
ਇਸ ਸਬੰਧੀ ਪੁਰਾਣਾਸ਼ਾਲਾ ਪੁਲਸ ਸਟੇਸ਼ਨ ਇੰਚਾਰਜ ਵਿਸ਼ਵਾਨਾਥ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਮਹਿੰਦਰ ਮਸੀਹ ਦੀ ਮੌਤ ਦੇ ਬਾਅਦ ਧਾਰਾ 304 ਵੀ ਜੋੜ ਦਿੱਤੀ ਗਈ ਹੈ। ਘਟਨਾ ਦੇ ਸਮੇਂ ਪੀੜਤ ਪਰਿਵਾਰ ਨੇ ਟਰੈਕਟਰ ਦਾ ਕੋਈ ਨੰਬਰ ਨਹੀਂ ਦੱਸਿਆ ਸੀ, ਜਿਸ ਕਾਰਨ ਅਸੀ ਪਰਿਵਾਰ ਦਾ ਇਕ ਟਰੈਕਟਰ ਕਬਜ਼ੇ ਵਿਚ ਲਿਆ ਸੀ, ਪਰ ਹੁਣ ਪਰਿਵਾਰ ਦਾ ਦੋਸ਼ ਹੈ ਕਿ ਦੂਜੀ ਪਾਰਟੀ ਨੇ ਘਟਨਾ ਦੇ ਸਮੇਂ ਪ੍ਰਯੋਗ ਨਵਂੇ ਟਰੈਕਟਰ ਦੀ ਜਗ੍ਹਾਂ 'ਤੇ ਪੁਰਾਣਾ ਟਰੈਕਟਰ ਪੁਲਸ ਨੂੰ ਦਿੱਤਾ ਹੈ। ਜਦ ਪੀੜਤ ਪਰਿਵਾਰ ਕਿਸੇ ਨਿਸ਼ਚਿਤ ਟਰੈਕਟਰ ਬਾਰੇ ਬਿਆਨ ਦੇਵੇਗਾ ਤਾਂ ਉਹੀ ਟਰੈਕਟਰ ਕਬਜ਼ੇ ਵਿਚ ਲਿਆ ਜਾਵੇਗਾ। ਪੁਲਸ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਪੱਖਪਾਤ ਨਹੀਂ ਕਰੇਗੀ।
