ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Wednesday, Feb 07, 2018 - 07:44 AM (IST)

ਪੱਟੀ, (ਸੌਰਭ, ਸੋਢੀ, ਬੇਅੰਤ)- ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਪਿੰਡ ਸਭਰਾ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਲਾਸ਼ ਪੱਟੀ ਸਭਰਾ ਰੋਡ 'ਤੇ ਰੱਖ ਕੇ ਬਿਜਲੀ ਵਿਭਾਗ ਵਿਰੁੱਧ ਰੋਸ ਮੁਜ਼ਾਹਰਾ ਕੀਤਾ।
ਇਸ ਸਬੰਧੀ ਮ੍ਰਿਤਕ ਦੀ ਪਤਨੀ ਰਾਜ ਕੌਰ ਨੇ ਦੱਸਿਆ ਕਿ ਮੇਰੇ ਪਤੀ ਕੈਪਟਨ ਸਿੰਘ (30) ਪੁੱਤਰ ਜੋਗਾ ਸਿੰਘ ਨੂੰ ਬਿਜਲੀ ਮੁਲਾਜ਼ਮ ਕੰਮ ਕਰਨ ਲਈ ਲੈ ਗਏ ਅਤੇ 11 ਕੇ. ਵੀ. ਲਾਈਨ ਦੀ ਮੁਰੰਮਤ ਕਰਨ ਸਮੇਂ ਅਚਾਨਕ ਤਾਰ 'ਚ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਬਿਜਲੀ ਵਿਭਾਗ ਦੇ ਐੱਸ. ਡੀ. ਓ. ਦਵਿੰਦਰ ਸਿੰਘ, ਜੇ. ਈ. ਜਸਵੰਤ ਸਿੰਘ ਤੇ ਥਾਣਾ ਸਦਰ ਪੱਟੀ ਮੁਖੀ ਪ੍ਰੀਤਇੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਮ੍ਰਿਤਕ ਕੈਪਟਨ ਸਿੰਘ ਆਪਣੇ ਪਿੱਛੇ ਇਕ ਲੜਕੀ, ਇਕ ਲੜਕਾ ਤੇ ਪਤਨੀ ਛੱਡ ਗਿਆ।