ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਡਿਊਟੀਆਂ ਦੇ ਚੱਕਰ ’ਚ ਢਾਈ ਮਹੀਨੇ ਦੇ ਬੱਚੇ ਦੀ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Tuesday, Aug 29, 2023 - 06:46 PM (IST)
ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਬਾਲ ਰੋਗ ਵਿਭਾਗ ਵਿਚ ਦਾਖ਼ਲ ਢਾਈ ਮਹੀਨੇ ਦੇ ਬੱਚੇ ਦੀ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ। ਮਾਪਿਆਂ ਨੇ ਦੋਸ਼ ਲਾਇਆ ਕਿ ਜਦੋਂ ਬੱਚਾ ਬੀਮਾਰੀ ਅਤੇ ਦਰਦ ਨਾਲ ਜੂਝ ਰਿਹਾ ਸੀ ਤਾਂ ਸਟਾਫ਼ ਨਰਸ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਇਕ ਦੂਜੇ ’ਤੇ ਪਾ ਕੇ ਮੋਬਾਇਲ ’ਤੇ ਵਟਸਐਪ ਦੀ ਵਰਤੋਂ ਕਰਦੀਆਂ ਰਹੀਆਂ। ਉਨ੍ਹਾਂ ਦੱਸਿਆ ਕਿ ਸਟਾਫ਼ ਨਰਸ ਦੇ ਸਾਹਮਣੇ ਆਪਣੇ ਬੱਚੇ ਦੀ ਹਾਲਤ ਬਿਆਨ ਕਰਦਿਆਂ ਉਹ ਹੱਥ-ਪੈਰ ਜੋੜ ਕੇ ਡਿੱਗ ਪਿਆ ਪਰ ਉਨ੍ਹਾਂ ਦਾ ਦਿਲ ਨਹੀਂ ਪਸੀਜਾ। ਮਾਮਲਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਸਰਹੱਦ ਪਾਰ: ਹਨੇਰੀ ਕਾਰਨ ਡਿੱਗੇ ਦਰੱਖਤ ਦੀ ਮਾਲਕੀ ਨੂੰ ਲੈ ਕੇ 2 ਪਰਿਵਾਰਾਂ ’ਚ ਗੋਲੀਬਾਰੀ, 4 ਭਰਾਵਾਂ ਦੀ ਮੌਤ
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੋਜ਼ਾਨਾ ਸੈਂਕੜੇ ਮਰੀਜ਼ ਓ. ਪੀ. ਡੀ. ਅਤੇ ਐਮਰਜੈਂਸੀ ਵਿਚ ਇਲਾਜ ਲਈ ਆਉਂਦੇ ਹਨ। ਹਸਪਤਾਲ ਅਧੀਨ ਹੀ ਬਾਲ ਅਤੇ ਗਾਇਨੀਕੋਲੋਜੀ ਵਿਭਾਗ ਬਣਾਇਆ ਗਿਆ ਹੈ। ਬੀਤੇ ਦਿਨ ਗੁਰੂ ਰਾਮਦਾਸ ਨਗਰ ਦੇ ਰਹਿਣ ਵਾਲੇ ਕਰਨ ਕੁਮਾਰ ਨੇ ਆਪਣੇ ਢਾਈ ਮਹੀਨੇ ਦੇ ਬੱਚੇ ਨੂੰ ਪੀਲੀਆ ਹੋਣ ਦੀ ਸ਼ਿਕਾਇਤ ’ਤੇ ਬਾਲ ਰੋਗ ਵਿਭਾਗ ਵਿਚ ਦਾਖ਼ਲ ਕਰਵਾਇਆ, ਜਦੋਂ ਉਹ ਆਪਣੇ ਬੱਚੇ ਨੂੰ ਬਾਲ ਰੋਗ ਵਿਭਾਗ ਵਿਚ ਲੈ ਕੇ ਆਇਆ ਸੀ ਤਾਂ ਉਸ ਨੂੰ ਇਨਫੈਕਸ਼ਨ ਅਤੇ ਪੀਲੀਆ ਹੋਇਆ ਸੀ, ਪਹਿਲਾਂ ਉਹ ਬੱਚੇ ਦੇ ਇਲਾਜ ਲਈ ਵਾਰਡ ਵਿਚ ਤਾਇਨਾਤ ਡਾਕਟਰ ਅਤੇ ਸਟਾਫ਼ ਕੋਲ ਇੱਧਰ-ਉਧਰ ਭਟਕਦਾ ਰਿਹਾ। ਆਖ਼ਰ ਇਲਾਜ ਤੋਂ ਪਹਿਲਾਂ ਸਵੇਰੇ 11 ਵਜੇ ਬੱਚੇ ਦਾ ਸੈਂਪਲ ਲਿਆ ਗਿਆ ਪਰ ਸ਼ਾਮ 7 ਵਜੇ ਤੱਕ ਉਨ੍ਹਾਂ ਨੂੰ ਸੈਂਪਲ ਦੀ ਰਿਪੋਰਟ ਨਹੀਂ ਦਿੱਤੀ ਗਈ। ਇਸ ਦੌਰਾਨ ਬੱਚੇ ਨੂੰ ਗੁਲੂਕੋਜ਼ ਦਿੱਤਾ ਗਿਆ।
ਕਰਨ ਕੁਮਾਰ ਅਨੁਸਾਰ ਇਸ ਦੌਰਾਨ ਡਾਕਟਰ ਵੀ ਉਸ ਦੇ ਬੱਚੇ ਦੀ ਜਾਂਚ ਕਰਨ ਨਹੀਂ ਆਇਆ। ਸਿਰਫ਼ ਇਕ ਵਾਰ ਸਟਾਫ਼ ਨਰਸ ਗੁਲੂਕੋਜ਼ ਲਗਾ ਕੇ ਚਲੀ ਗਈ ਪਰ ਬਾਅਦ ਵਿਚ ਨਹੀਂ ਆਈ। ਜਦੋਂ ਉਹ ਵਾਰ-ਵਾਰ ਸਟਾਫ਼ ਨਰਸ ਕੋਲ ਜਾ ਕੇ ਕਹਿ ਰਿਹਾ ਸੀ ਕਿ ਬੱਚੇ ਨੂੰ ਬਹੁਤ ਦਰਦ ਹੋ ਰਹੀ ਹੈ ਅਤੇ ਗਲੂਕੋਜ਼ ਖ਼ਤਮ ਹੋਣ ਵਾਲਾ ਹੈ ਤਾਂ ਸਟਾਫ਼ ਨਰਸ ਉਸ ਸਮੇਂ ਆਪਣੇ ਮੋਬਾਇਲ ਦੇ ਵਟਸਐਪ ’ਤੇ ਇੰਨੀ ਰੁਝੀ ਹੋਈ ਸੀ ਕਿ ਉਸ ਨੇ ਉਸ ਨੂੰ ਕਿਸੇ ਹੋਰ ਸਟਾਫ਼ ਨਰਸ ਕੋਲ ਜਾਣ ਲਈ ਕਿਹਾ, ਜਦੋਂ ਉਹ ਦੂਸਰੀ ਨਰਸ ਕੋਲ ਗਿਆ ਤਾਂ ਉਸ ਨੇ ਵੀ ਮੋਬਾਇਲ ਦੀ ਵਰਤੋਂ ਕਰਨੀ ਜ਼ਰੂਰੀ ਸਮਝੀ ਅਤੇ ਉਸ ਦੀ ਗੱਲ ਨਹੀਂ ਸੁਣੀ।
ਇਹ ਵੀ ਪੜ੍ਹੋ- ਪਤੀ ਦੇ ਸ਼ੱਕ ਨੇ ਉਜਾੜੇ ਪਾ ਦਿੱਤਾ ਪਰਿਵਾਰ, ਪਤਨੀ ਨੂੰ ਦਿੱਤੀ ਬੇਰਹਿਮ ਮੌਤ
ਕਰਨ ਕੁਮਾਰ ਅਨੁਸਾਰ ਇਸ ਦੌਰਾਨ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਦੇ ਬੱਚੇ ਦੀ ਮੌਤ ਹੋ ਗਈ ਸੀ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਸਟਾਫ਼ ਨੇ ਆ ਕੇ ਬੱਚੇ ਨੂੰ ਆਕਸੀਜਨ ਦਿੱਤੀ ਅਤੇ ਇਲਾਜ ਦੇ ਨਾਂ ’ਤੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਸਪਤਾਲ ਸਟਾਫ਼ ਦੀ ਲਾਪਰਵਾਹੀ ਕਾਰਨ ਉਸ ਦੇ ਬੱਚੇ ਦੀ ਮੌਤ ਹੋਈ ਹੈ ਅਤੇ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪਹਿਲਾ ਪੁੱਤ ਸੀ, ਮਾਂ ਦਾ ਰੋ-ਰੋ ਕੇ ਬੁਰਾ ਹਾਲ
ਬੱਚਿਆਂ ਦੀ ਮੌਤ ਤੋਂ ਬਾਅਦ ਮਾਂ ਰਮਨਦੀਪ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਹਿਲਾ ਪੁੱਤਰ ਸੀ ਪਰ ਸਰਕਾਰੀ ਤੰਤਰ ਦੀ ਅਣਗਹਿਲੀ ਕਾਰਨ ਉਸ ਦੇ ਬੱਚੇ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਉਸ ਦਾ ਬੱਚਾ ਜ਼ਿੰਦਾ ਹੁੰਦਾ। ਬੱਚੇ ਦੀ ਮਾਂ ਦੇ ਹੰਝੂ ਦੇਖ ਕੇ ਹਸਪਤਾਲ ਵਿਚ ਮੌਜੂਦ ਕਈ ਮਾਪੇ ਵੀ ਰੋ ਪਏ ਅਤੇ ਉਹ ਸਰਕਾਰੀ ਤੰਤਰ ਨੂੰ ਕੋਸਦੇ ਵੀ ਨਜ਼ਰ ਆਏ। ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਸਪਤਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ- ਨਸ਼ਾ ਵਿਰੋਧੀ ਕਮੇਟੀ ਵੱਲੋਂ ਨਸ਼ੇੜੀ ਕਾਬੂ, ਨਸ਼ੇ ਕਰਦਿਆਂ ਦੀ ਵੀਡੀਓ ਹੋਈ ਸੀ ਵਾਇਰਲ
ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਲਵੇ
ਸਮਾਜ ਸੇਵਕ ਜੈ ਗੋਪਾਲ ਲਾਲੀ ਨੇ ਕਿਹਾ ਕਿ ਘਟਨਾ ਅਤਿ ਨਿੰਦਣਯੋਗ ਹੈ। ਜੇਕਰ ਬੱਚੇ ਦਾ ਸਹੀ ਸਮੇਂ ’ਤੇ ਇਲਾਜ ਹੋ ਜਾਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ ਪਰ ਇਕ ਦੂਸਰੇ ਦੀਆਂ ਡਿਊਟੀਆਂ ਦੇ ਚੱਕਰ ’ਚ ਬੱਚੇ ਦੀ ਮੌਤ ਹੋ ਗਈ। ਜਿਹੜੇ ਡਾਕਟਰ ਡਿਊਟੀ ਸੀ ਉਹ ਮੌਕੇ ’ਤੇ ਨਹੀਂ ਆਇਆ, ਉਸ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇ ਅਤੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਸਰਕਾਰ ਕੋਲ ਵੀ ਸ਼ਿਕਾਇਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮਾਮਲਾ ਸਾਹਮਣੇ ਆਇਆ ਹੈ, ਹਸਪਤਾਲ ਵਿੱਚ ਰੋਜ਼ਾਨਾ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜੋ ਮੀਡੀਆ ਅਤੇ ਆਮ ਲੋਕਾਂ ਦੇ ਸਾਹਮਣੇ ਨਹੀਂ ਆਉਂਦੇ ਅਤੇ ਪਰਿਵਾਰ ਬੇਵੱਸ ਹੋ ਕੇ ਇੱਥੋਂ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ’ਤੇ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ।
ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਜੋ ਵੀ ਇਸ ਮਾਮਲੇ ਵਿਚ ਮੁਲਜ਼ਮ ਪਾਇਆ ਜਾਵੇਗਾ, ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਣਗਹਿਲੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮਾਪਿਆਂ ਨੂੰ ਵੀ ਲਿਖਤੀ ਰੂਪ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਅਪੀਲ ਕੀਤੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8