ਵਾਹਨ ਦੀ ਲਪੇਟ 'ਚ ਆ ਕੇ ਸਾਬਕਾ ਫੌਜੀ ਦੀ ਮੌਤ

11/17/2017 1:24:05 AM

ਹੁਸ਼ਿਆਰਪੁਰ, (ਜ.ਬ.)- ਚੰਡੀਗੜ੍ਹ ਰੋਡ 'ਤੇ ਬੀਤੀ ਦੇਰ ਰਾਤ ਚੱਗਰਾਂ ਪਿੰਡ ਦੇ ਕੋਲ ਪੁਲ ਦੇ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਚੱਬੇਵਾਲ ਦੇ ਵਾਸੀ ਸਾਬਕਾ ਫੌਜੀ ਪਰਵਿੰਦਰ ਸਿੰਘ (46) ਪੁੱਤਰ ਤੀਰਥ ਸਿੰਘ ਦੀ ਮੌਤ ਹੋ ਗਈ। ਬੀਤੀ ਰਾਤ  10 ਵਜੇ ਗੰਭੀਰ ਰੂਪ 'ਚ ਜ਼ਖ਼ਮੀ ਪਰਵਿੰਦਰ ਸਿੰਘ ਨੂੰ ਰਿਆਤ ਬਾਹਰਾ ਇੰਸਟੀਚਿਊਟ ਦੀ ਐਂਬੂਲੈਂਸ ਰਾਹੀਂ ਇਲਾਜ ਵਾਸਤੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਜੇਬ ਵਿਚੋਂ ਮਿਲੇ ਪਛਾਣ ਪੱਤਰ ਦੇ ਆਧਾਰ 'ਤੇ ਪਰਿਵਾਰਕ ਮੈਂਬਰਾਂ ਤੇ ਚੱਬੇਵਾਲ ਪੁਲਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। 
ਸਿਵਲ ਹਸਪਤਾਲ ਵਿਖੇ ਪਿੰਡ ਚੱਬੇਵਾਲ ਦੇ ਸਰਪੰਚ ਸ਼ਿਵਰੰਜਨ ਸਿੰਘ ਰੋਮੀ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਫੌਜ ਵਿਚੋਂ ਸੇਵਾਮੁਕਤ ਹੋਣ ਤੋਂ ਬਾਅਦ ਇਸ ਸਮੇਂ ਸੈਂਟਰਲ ਜੇਲ (ਹੁਸ਼ਿਆਰਪੁਰ) 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਬੀਤੀ ਰਾਤ ਡਿਊਟੀ ਉਪਰੰਤ ਆਪਣੇ ਮੋਟਰਸਾਈਕਲ ਨੰ. ਪੀ ਬੀ 07 ਬੀ  ਬੀ 9703 'ਤੇ ਘਰ ਪਰਤ ਰਿਹਾ ਸੀ ਕਿ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਜਾਣ ਨਾਲ ਉਸ ਦੀ ਮੌਤ ਹੋ ਗਈ। ਪਰਵਿੰਦਰ ਸਿੰਘ ਆਪਣੇ ਪਿੱਛੇ ਪਤਨੀ, 2 ਬੇਟੀਆਂ ਤੇ ਇਕ ਬੇਟੇ ਨੂੰ ਛੱਡ ਗਿਆ ਹੈ। 
ਸੰਪਰਕ ਕਰਨ 'ਤੇ ਥਾਣਾ ਚੱਬੇਵਾਲ 'ਚ ਤਾਇਨਾਤ ਏ. ਐੱਸ. ਆਈ. ਹੰਸ ਰਾਜ ਨੇ ਦੱਸਿਆ ਕਿ ਫਿਲਹਾਲ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ਼ ਧਾਰਾ 304-ਏ, 279 ਤੇ 427 ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।


Related News