ਪਿੰਡ ਪਹੁੰਚੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ, ਬਣਿਆ ਬੇਹੱਦ ਭਾਵੁਕ ਮਾਹੌਲ (ਵੀਡੀਓ)

Wednesday, Apr 26, 2023 - 11:23 PM (IST)

ਜਲੰਧਰ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ 9 ਘੰਟਿਆਂ 'ਚ ਬਾਦਲ ਪਿੰਡ ਰਾਤ ਨੂੰ 10 ਵਜੇ ਪਹੁੰਚੀ, ਜਿੱਥੇ ਕੱਲ੍ਹ ਯਾਨੀ ਵੀਰਵਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਵੱਲੋਂ 25 ਸਾਲ ਪਹਿਲਾਂ ਹੱਥੀਂ ਲਾਏ ਬਾਗ ਵਿੱਚ ਕੀਤਾ ਜਾਣਾ ਹੈ।

ਅੰਤਿਮ ਸੰਸਕਾਰ ਲਈ ਕਰੀਬ 2 ਏਕੜ 'ਚ ਫੈਲੇ ਇਸ ਬਾਗ ਨੂੰ ਵਾਹ ਦਿੱਤਾ ਗਿਆ ਹੈ, ਜਦਕਿ ਕਿ ਪਾਰਕਿੰਗ ਲਈ ਆਸ-ਪਾਸ ਦੇ ਖੇਤਾਂ ਵਿੱਚ ਪ੍ਰਬੰਧ ਕੀਤਾ ਗਿਆ ਹੈ। ਸ. ਬਾਦਲ ਦੀ ਮ੍ਰਿਤਕ ਦੇਹ ਪਾਰਟੀ ਦੇ ਚੰਡੀਗੜ੍ਹ ਵਿਚਲੇ ਮੁੱਖ ਦਫ਼ਤਰ ਤੋਂ ਬਾਅਦ ਦੁਪਹਿਰ 1 ਵਜੇ ਜੱਦੀ ਪਿੰਡ ਲਈ ਰਵਾਨਾ ਹੋਈ ਸੀ, ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਸੰਗਤ ਦੇ ਦਰਸ਼ਨਾਂ ਲਈ ਰੱਖੀ ਹੋਈ ਸੀ। ਵੀਰਵਾਰ ਨੂੰ ਦੁਪਹਿਰ ਕਰੀਬ 1 ਵਜੇ ਅੰਤਿਮ ਸੰਸਕਾਰ ਦੀ ਰਸਮ ਨਿਭਾਈ ਜਾਣੀ ਹੈ।

ਇਹ ਵੀ ਪੜ੍ਹੋ : ਹਾਲੈਂਡ ਦੀ ਨੈਸ਼ਨਲ ਸੋਸ਼ਲਿਸਟ ਪਾਰਟੀ ਨੇ ਗੁਰਸਿੱਖ ਜਸਵਿੰਦਰ ਸਿੰਘ ਨੂੰ ਸ਼ਹਿਰ Utrecht ਦਾ ਬਣਾਇਆ ਪ੍ਰਧਾਨ

ਲਗਭਗ 250 ਕਿਲੋਮੀਟਰ ਪੈਂਡੇ ਨੂੰ ਤੈਅ ਕਰਨ ਲਈ ਲੱਗੇ ਇੰਨੇ ਸਮੇਂ ਦੌਰਾਨ ਇਹ ਯਾਤਰਾ ਹਰੇਕ ਸ਼ਹਿਰ, ਕਸਬੇ ’ਚ ਰੁਕਦੀ ਰਹੀ ਅਤੇ ਹਜ਼ਾਰਾਂ ਹੀ ਲੋਕਾਂ ਨੇ ਆਪਣੇ ਮਰਹੂਮ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਆਪਣੇ ਆਗੂ ਦੀ ਝਲਕ ਪਾਉਣ ਲਈ ਹਜ਼ਾਰਾਂ ਲੋਕ ਸੜਕ ’ਤੇ ਘੰਟਿਆਂਬੱਧੀ ਰੁਕੇ ਰਹੇ। ਇਹ ਕਾਫਲਾ ਕਈ ਕਿਲੋਮੀਟਰ ਲੰਬਾ ਸੀ। ਭਲਕੇ ਵੀਰਵਾਰ ਬਾਦਲ ਪਿੰਡ ’ਚ ਅੰਤਿਮ ਸੰਸਕਾਰ ਤੋਂ ਪਹਿਲਾਂ ਫਿਰ ਸੰਗਤ ਦੇ ਦਰਸ਼ਨਾਂ ਲਈ ਬਾਦਲ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ’ਤੇ ਰੱਖੀ ਜਾਏਗੀ। ਦੁਪਹਿਰ ਨੂੰ ਇਸ ਮਰਹੂਮ ਨੇਤਾ ਦਾ ਸਸਕਾਰ ਪਿੰਡ ਬਾਦਲ ਵਿੱਚ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News