ਸਮੇਂ ਸਿਰ ਦਿੱਲੀ ਨਹੀਂ ਪਹੁੰਚਾਈ ਸਰਕਾਰੀ ਨੌਕਰੀ ਦੀ ਅਰਜ਼ੀ, ਕੋਰੀਅਰ ਕੰਪਨੀ ਨੂੰ ਮੁਆਵਜ਼ਾ ਦੇਣ ਦੇ ਹੁਕਮ
Friday, Jul 12, 2024 - 11:29 AM (IST)
ਮੋਹਾਲੀ (ਸੰਦੀਪ) : ਸਰਕਾਰੀ ਨੌਕਰੀ ਦੀ ਅਰਜ਼ੀ ਸਮੇਂ ’ਤੇ ਦਿੱਲੀ ਨਾ ਪਹੁੰਚਾਉਣ ਦੇ ਮਾਮਲੇ 'ਚ ਖ਼ਪਤਕਾਰ ਅਦਾਲਤ ਨੇ ਕੋਰੀਅਰ ਕੰਪਨੀ ਨੂੰ ਮੁਲਜ਼ਮ ਪਾਉਂਦੇ ਹੋਏ ਮਾਨਸਿਕ ਪੀੜਾ ਲਈ 30,000 ਰੁਪਏ ਦਾ ਮੁਆਵਜ਼ਾ ਅਤੇ ਕੋਰੀਅਰ ਦੀ ਫ਼ੀਸ 40 ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਹਰਕੰਵਲ ਪ੍ਰੀਤ ਕੌਰ ਨੇ ਸੈਕਟਰ-68 ਸਥਿਤ ਪ੍ਰਾਈਵੇਟ ਕੋਰੀਅਰ ਕੰਪਨੀ ਦੇ ਬ੍ਰਾਂਚ ਮੈਨੇਜਰ ਦੇ ਇਲਾਵਾ ਦਿੱਲੀ ਸਥਿਤ ਤਿੰਨ ਡਾਇਰੈਕਟਰਾਂ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ 18 ਅਕਤੂਬਰ 2018 ਨੂੰ 40 ਰੁਪਏ ਦਾ ਭੁਗਤਾਨ ਕਰਕੇ ਜੂਨੀਅਰ ਕਲਰਕ ਦੇ ਅਹੁਦੇ ਲਈ ਭਾਰਤੀ ਹਵਾਈ ਸੈਨਾ ਹੈੱਡਕੁਆਰਟਰ, ਸੁਬਰੋਤੋ ਪਾਰਕ, ਨਵੀਂ ਦਿੱਲੀ ਵਿਖੇ ਅਰਜ਼ੀ ਭੇਜੀ ਗਈ ਸੀ। ਅਪਲਾਈ ਕਰਨ ਦੀ ਆਖ਼ਰੀ ਮਿਤੀ 22 ਅਕਤੂਬਰ 2018 ਸੀ। ਕੋਰੀਅਰ ਕੰਪਨੀ ਨੇ ਭਰੋਸਾ ਦਿਵਾਇਆ ਸੀ ਕਿ 19 ਅਕਤੂਬਰ ਤੱਕ ਕੋਰੀਅਰ ਪਹੁੰਚ ਜਾਵੇਗਾ ਪਰ 30 ਅਕਤੂਬਰ ਤੱਕ ਵੀ ਨਹੀਂ ਮਿਲਿਆ ਸੀ। ਇਸ ਬਾਰੇ ਪੁੱਛੇ ਜਾਣ ’ਤੇ ਕੋਰੀਅਰ ਕੰਪਨੀ ਨੇ ਕਿਹਾ ਕਿ ਇਸ ਨੂੰ ਦੋ ਵਾਰ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਏਅਰ ਫੋਰਸ ਦਾ ਦਫ਼ਤਰ ਬੰਦ ਹੋਣ ਕਾਰਨ ਇਸ ਦੀ ਡਿਲੀਵਰੀ ਨਹੀਂ ਹੋ ਸਕੀ। ਕੋਰੀਅਰ ਕੰਪਨੀ ਨੇ 1 ਨਵੰਬਰ 2018 ਨੂੰ ਉਸਦੇ ਦਸਤਾਵੇਜ਼ ਡਿਲੀਵਰ ਕੀਤੇ।
ਏਅਰ ਫੋਰਸ ਤੋਂ ਮੰਗੀ ਜਾਣਕਾਰੀ, ਪਤਾ ਲੱਗਾ ਕਿ ਦਫ਼ਤਰ ਖੁੱਲ੍ਹਾ ਸੀ
ਸ਼ਿਕਾਇਤਕਰਤਾ ਨੇ 30 ਨਵੰਬਰ, 2018 ਨੂੰ ਇੱਕ ਪੱਤਰ ਰਾਹੀਂ ਹਵਾਈ ਸੈਨਾ, ਨਵੀਂ ਦਿੱਲੀ ਦੇ ਸਕੱਤਰ ਤੋਂ ਡਿਲੀਵਰੀ ਦੀ ਪੁਸ਼ਟੀ ਬਾਰੇ ਜਾਣਕਾਰੀ ਮੰਗੀ ਸੀ। 19 ਅਕਤੂਬਰ, 2018 ਤੋਂ 31 ਅਕਤੂਬਰ, 2018 ਤੱਕ ਦਫ਼ਤਰ ਬੰਦ ਰਹਿਣ ਬਾਰੇ ਵੀ ਜਾਣਕਾਰੀ ਮੰਗੀ ਗਈ। 4 ਦਸੰਬਰ ਨੂੰ ਜਵਾਬ ਮਿਲਿਆ ਕਿ 19 ਅਕਤੂਬਰ ਨੂੰ ਛੁੱਟੀ ਹੋਣ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਕੰਮਕਾਜੀ ਦਿਨਾਂ ਵਿਚ ਦਫ਼ਤਰ ਖੁੱਲ੍ਹਾ ਸੀ। ਇਸ ’ਤੇ ਕੌਰ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਉਸ ਕੋਲ ਨੌਕਰੀ ਕਰਨ ਦਾ ਚੰਗਾ ਮੌਕਾ ਸੀ, ਜੋ ਕੋਰੀਅਰ ਕੰਪਨੀ ਦੀ ਲਾਪਰਵਾਹੀ ਕਾਰਨ ਗੁਆ ਦਿੱਤਾ। ਇਸ ਤੋਂ ਬਾਅਦ ਖ਼ਪਤਕਾਰ ਅਦਾਲਤ ਵਿਚ ਮਾਮਲਾ ਦਾਇਰ ਕੀਤਾ ਗਿਆ।