ਨਿਗਮ ਕਰੇਗਾ ਕਾਰੋਬਾਰੀ ਜਾਇਦਾਦ ਟੈਕਸ ਨਾ ਜਮ੍ਹਾ ਕਰਵਾਉਣ ਵਾਲਿਆਂ ਦੀ ਪ੍ਰਾਪਰਟੀ ਸੀਲ

Tuesday, Jul 03, 2018 - 06:37 AM (IST)

ਨਿਗਮ ਕਰੇਗਾ ਕਾਰੋਬਾਰੀ ਜਾਇਦਾਦ ਟੈਕਸ ਨਾ ਜਮ੍ਹਾ ਕਰਵਾਉਣ ਵਾਲਿਆਂ ਦੀ ਪ੍ਰਾਪਰਟੀ ਸੀਲ

ਚੰਡੀਗੜ੍ਹ, (ਰਾਏ)- ਨਗਰ ਨਿਗਮ ਦੀ ਖ਼ਰਾਬ ਵਿੱਤੀ ਹਾਲਤ ਨੂੰ ਸੁਧਾਰਨ ਲਈ ਨਿਗਮ ਯਤਨਸ਼ੀਲ ਹੈ । ਇਸ ਕੜੀ ਵਿਚ ਅੱਜ ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਨਿਗਮ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ, ਜਿਸ ਵਿਚ ਨਿਗਮ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ । ਬੈਠਕ ਵਿਚ ਯਾਦਵ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਾਰੋਬਾਰੀ ਜਾਇਦਾਦ ਦੇ ਡਿਫਾਲਟਰਾਂ ਦੀ ਜਾਇਦਾਦ ਸੀਲ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ । 
ਦੱਸਣਯੋਗ ਹੈ ਕਿ ਨਿਗਮ ਵਲੋਂ ਕਾਰੋਬਾਰੀ ਜਾਇਦਾਦ ਦੇ ਡਿਫਾਲਟਰਾਂ ਨੂੰ ਕਰ ਜਮ੍ਹਾ ਕਰਵਾਉਣ ਲਈ ਸਮਾਂ ਦਿੱਤਾ ਗਿਆ ਸੀ, ਉਸ ਦੇ ਬਾਵਜੂਦ ਉਨ੍ਹਾਂ ਨੇ ਇਹ ਟੈਕਸ ਜਮ੍ਹਾ ਨਹੀਂ ਕਰਵਾਇਆ। ਇਸ ਤੋਂ ਬਾਅਦ ਨਿਗਮ ਵੱਲੋਂ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਪਰ ਅੱਜ ਤਕ ਉਨ੍ਹਾਂ ਨੇ ਕਰ ਨਹੀਂ ਜਮ੍ਹਾ ਕਰਵਾਇਆ ਹੈ । ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਇਹ ਫੈਸਲਾ ਲਿਆ ਗਿਆ ਹੈ । ਨਿਗਮ ਨੇ ਪਿਛਲੇ ਕੁਝ ਦਿਨਾਂ ਵਿਚ ਟੈਕਸ ਡਿਫਾਲਟਰਾਂ ਨੂੰ ਨੋਟਿਸ ਦੇ ਕੇ ਕਰੀਬ 28 ਕਰੋੜ ਦੀ ਭਰਪਾਈ ਕਰਨ ਦੇ ਨਿਰਦੇਸ਼ ਦਿੱਤੇ ਸਨ 
ਨਿਗਮ ਨੇ ਕਰਵਾਇਆ ਸੀ ਸਰਵੇ
ਜ਼ਿਆਦਾਤਰ ਡਿਫਾਲਟਰਾਂ ਨੇ ਸਾਲ 2015 ਤੋਂ ਲਾਗੂ ਹੋਏ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ । ਟੈਕਸ ਡਿਫਾਲਟਰਾਂ ਦੀ ਸੂਚੀ ਤਿਆਰ ਕਰਨ ਲਈ ਨਿਗਮ ਨੇ ਜੀ. ਆਈ. ਐੱਸ. ਕੰਪਨੀ ਵਲੋਂ ਸਰਵੇ ਕਰਵਾਇਆ ਸੀ । ਸਰਵੇ ਵਿਚ ਪਤਾ ਲੱਗਣ ਤੋਂ ਬਾਅਦ ਸਾਰੇ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ । ਨਿਗਮ ਦੇ ਡਿਫਾਲਟਰਾਂ ਵਿਚ ਸ਼ਹਿਰ ਦੇ ਕਈ ਵੱਡੇ ਹੋਟਲ ਵੀ ਸ਼ਾਮਲ ਹਨ । ਚੰਡੀਗੜ੍ਹ ਦੀ ਜਾਇਦਾਦ ਤੋਂ ਇਲਾਵਾ ਨਿਗਮ ਨੇ ਮਨੀਮਾਜਰਾ ਦੀ ਰੇਹੜੀ ਮਾਰਕੀਟ ਨੂੰ ਵੀ 456 ਨੋਟਿਸ ਭੇਜੇ ਸਨ । ਇਨ੍ਹਾਂ ਨੇ 2004 ਤੋਂ ਲਾਗੂ ਕਮਰਸ਼ੀਅਲ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ । ਸਾਰਿਆਂ ਨੂੰ ਨੋਟਿਸ ਰਾਹੀਂ 30 ਦਿਨਾਂ ਦੇ ਅੰਦਰ ਬਾਕੀ ਟੈਕਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ । ਉਸ ਤੋਂ ਬਾਅਦ ਫਾਈਨਲ ਨੋਟਿਸ ਕੰਧਾਂ 'ਤੇ ਚਿਪਕਾਏ ਜਾਣਗੇ ਤੇ ਉਸ ਤੋਂ ਬਾਅਦ ਚੰਡੀਗੜ੍ਹ ਵਿਚ ਲਾਗੂ ਪੰਜਾਬ ਮਿਊਂਸਪਲ ਐਕਟ 1976 ਦੇ ਸੈਕਸ਼ਨ-138 ਦੇ ਤਹਿਤ ਪ੍ਰਾਪਰਟੀ ਅਟੈਚਮੈਂਟ ਦਾ ਨੋਟਿਸ ਜਾਰੀ ਹੋਵੇਗਾ । ਨੋਟਿਸ ਟਾਈਮ ਵਿਚ ਬਾਕੀ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ ਤਾਂ ਨਿਗਮ ਪ੍ਰਾਪਰਟੀ ਸੀਲ ਕਰਨ ਦੀ ਕਾਰਵਾਈ ਕਰ ਸਕਦਾ ਹੈ । 
40,000 ਰੈਜੀਡੈਂਸ਼ੀਅਲ ਤੇ 4,000 ਕਮਰਸ਼ੀਅਲ ਅਦਾਰਿਆਂ ਦੀ ਹੋਈ ਪਛਾਣ  
ਚੰਡੀਗੜ੍ਹ ਨਗਰ ਨਿਗਮ ਨੇ ਆਪਣੇ ਅਧਿਕਾਰ ਖੇਤਰ ਵਿਚ ਲਗਭਗ 40,000 ਰਿਹਾਇਸ਼ੀ ਤੇ 4,000 ਵਣਜ ਅਦਾਰਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਜਾਇਦਾਦ ਕਰ ਜਮ੍ਹਾ ਨਹੀਂ ਕਰਵਾਇਆ ਹੈ । ਨਿਗਮ ਨੇ ਅਜਿਹੇ ਲੋਕਾਂ ਨੂੰ ਨੋਟਿਸ ਭੇਜ ਕੇ '31 ਮਈ' ਕਰ ਸਵੈ ਅੰਕਲਣ ਯੋਜਨਾ ਵਿਚ ਕਰ ਜਮ੍ਹਾ ਕਰਵਾਉਣ ਦੀ ਅੰਤਿਮ ਤਰੀਕ ਤਕ ਕਰ ਜਮ੍ਹਾ ਕਰਵਾਉਣ ਲਈ ਕਿਹਾ ਸੀ । ਲਗਭਗ 90,000 ਰਿਹਾਇਸ਼ੀ ਤੇ 15,000 ਵਣਜ ਜਾਇਦਾਦਾਂ ਸੰਪਤੀ ਕਰ ਦੇਣ ਦੇ ਦਾਇਰੇ ਵਿਚ ਆਉਂਦੀਆਂ ਹਨ ।  ਨਿਗਮ ਦੇ ਕਰ ਵਿਭਾਗ ਅਨੁਸਾਰ ਨਿਗਮ ਦੇ ਅਧਿਕਾਰ ਖੇਤਰ ਵਿਚ ਕਰੀਬ 1.5 ਲੱਖ ਘਰ ਹਨ ਪਰ ਕੁਝ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ, ਜਦਕਿ ਹਰ ਤਰ੍ਹਾਂ ਦੀਆਂ ਵਣਜ ਜਾਇਦਾਦਾਂ 'ਤੇ ਟੈਕਸ ਲਗਦਾ ਹੈ । ਨਿਗਮ ਨੇ ਹੁਣ ਡਿਫਾਲਟਰਾਂ ਦੀ ਇਕ ਸੂਚੀ ਵੀ ਤਿਆਰ ਕੀਤੀ ਹੈ । ਵਿੱਤੀ ਸੰਕਟ ਨਾਲ ਜੂਝ ਰਹੇ ਨਿਗਮ ਦਾ ਸਭ ਤੋਂ ਵੱਧ ਕਮਾਈ ਦਾ ਸਰੋਤ ਹੀ ਜਾਇਦਾਦ ਕਰ ਹੈ । ਚਾਲੂ ਵਿੱਤੀ ਸਾਲ ਵਿਚ ਨਿਗਮ ਨੂੰ ਇਸ ਮਦ ਵਿਚ ਵੱਧ ਰਾਸ਼ੀ ਮਿਲਣ ਦੀ ਉਮੀਦ ਹੈ ।


Related News