ਗੁਰੂ ਨਗਰੀ ''ਚ ਕਰੋੜਾਂ ਰੁਪਏ ਖਰਚ ਕੇ ਬਣਾਏ ਬੱਸ ਅੱਡੇ ਦੀ ਹਾਲਤ ਤਰਸਯੋਗ

Friday, Apr 20, 2018 - 12:44 AM (IST)

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਦੇਸ਼-ਵਿਦੇਸ਼ ਅੰਦਰ ਆਪਣੀ ਇਕ ਅਲੱਗ ਪਛਾਣ ਰੱਖਦੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਨਵੇਂ ਬਣਾਏ ਬੱਸ ਅੱਡੇ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ, ਜਿਸ ਵੱਲ ਕਿਸੇ ਪ੍ਰਸ਼ਾਸਕੀ ਅਧਿਕਾਰੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 
ਬੱਸ ਅੱਡੇ ਅੰਦਰ ਜਿਥੇ ਸਫਾਈ ਵਿਵਸਥਾ ਦੀ ਬਹੁਤ ਮਾੜੀ ਹਾਲਤ ਹੋਈ ਪਈ ਹੈ ਉੱਥੇ ਹੀ ਦੇਸ਼ ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਬੱਸ ਅੱਡੇ ਅੰਦਰ ਇਕ ਵੱਡਾ ਸਾਰਾ ਕਮਰਾ ਬਣਾਇਆ ਗਿਆ ਹੈ, ਜਿਸ ਦੇ ਬਾਹਰ ਜਨਾਨਾ ਉਡੀਕ ਘਰ ਲਿਖਿਆ ਹੋਇਆ ਹੈ। ਇਹ ਕਮਰਾ ਇਸ ਕਰ ਕੇ ਬਣਾਇਆ ਗਿਆ ਸੀ ਤਾਂ ਕਿ ਇਥੇ ਬੈਠ ਕੇ ਜਨਾਨਾ ਸਵਾਰੀਆਂ ਕੁਝ ਦੇਰ ਆਰਾਮ ਕਰ ਸਕਣ ਪਰ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਨਾਲ ਧੱਕਾ ਕਰਦਿਆਂ ਬਿਨਾਂ ਕਿਸੇ ਕਾਰਨ ਇਸ ਕਮਰੇ ਨੂੰ ਪੱਕੇ ਤੌਰ 'ਤੇ ਬੰਦ ਕਰ ਕੇ ਬਾਹਰ ਤਾਲਾ ਲਾ ਦਿੱਤਾ ਗਿਆ ਹੈ। ਬੱਸ ਅੱਡੇ ਅੰਦਰ ਦੋਵੇਂ ਪਾਸੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਵਧੀਆ ਬਾਥਰੂਮਾਂ ਵਿਚੋਂ ਇਕ ਪਾਸੇ ਦੇ ਬਾਥਰੂਮ ਸਿਰਫ ਮੇਲਿਆਂ ਦੇ ਦਿਨਾਂ ਨੂੰ ਛੱਡ ਕੇ ਆਮ ਦਿਨਾਂ ਲਈ ਪੱਕੇ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਹਰ ਰੋਜ਼ ਸਫਰ ਕਰਨ ਵਾਲਿਆਂ ਅਤੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਇਕ ਪਾਸੇ ਦੇ ਬਾਥਰੂਮ ਖੁੱਲ੍ਹੇ ਵੀ ਹੋਏ ਹਨ, ਉੱਥੇ ਵੀ ਟੂਟੀਆਂ ਅਤੇ ਟਾਇਲਟ ਸੀਟਾਂ ਟੁੱਟੀਆਂ ਪਈਆਂ ਹਨ ਤੇ ਸਫਾਈ ਪੱਖੋਂ ਵੀ ਬੁਰਾ ਹਾਲ ਹੈ। 
ਸ਼ਹਿਰ ਵਾਸੀਆਂ ਜਤਾਇਆ ਰੋਸ
ਸ਼ਹਿਰ ਵਾਸੀਆਂ ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਗੁਰਚਰਨ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਮਾਸਟਰ ਹਰਜੀਤ ਸਿੰਘ ਅਚਿੰਤ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ, ਬੀ. ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਠੇਕੇਦਾਰ ਗੁਰਨਾਮ ਸਿੰਘ, ਸਾਬਕਾ ਸਰਕਲ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬੱਸ ਅੱਡੇ ਦੀ ਹਾਲਤ ਸੁਧਾਰਨ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਕਿ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ 'ਤੇ ਕੋਈ ਮਾੜਾ ਅਸਰ ਨਾ ਪਵੇ।
ਪਾਰਕਿੰਗ 'ਚ ਉੱਗੀ ਘਾਹ ਬੂਟੀ
ਬੱਸ ਅੱਡੇ 'ਤੇ ਸਕੂਟਰਾਂ, ਮੋਟਰਸਾਈਕਲਾਂ ਲਈ ਬਣਾਈ ਪਾਰਕਿੰਗ ਵਿਚ ਚੰਗੀ ਤਰ੍ਹਾਂ ਸਫਾਈ ਨਾ ਹੋਣ ਕਾਰਨ ਵੱਡੀ-ਵੱਡੀ ਬੂਟੀ ਉੱਗੀ ਪਈ ਹੈ, ਜੋ ਬੀਮਾਰੀ ਦਾ ਕਾਰਨ ਬਣ ਸਕਦੀ ਹੈ। ਇਸੇ ਤਰ੍ਹਾਂ ਇੱਥੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਾਫ ਪਾਣੀ ਪੀਣ ਲਈ ਦੋਵੇਂ ਬਾਥਰੂਮਾਂ ਦੇ ਬਾਹਰ ਦੋ ਆਰ. ਓ. ਸਿਸਟਮ ਲਾਏ ਹੋਏ ਹਨ ਪਰ ਇਹ ਦੋਵੇਂ ਆਰ. ਓ. ਸਿਸਟਮ ਪਿਛਲੇ ਕਈ ਮਹੀਨਿਆਂ ਤੋਂ ਖਰਾਬ ਪਏ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਗੰਦਾ ਅਤੇ ਗਰਮ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 


Related News