ਸਲੋਹ ਰੋਡ ਦਾ ਖਸਤਾਹਾਲ ਟੋਟਾ ਅਣਦੇਖੀ ਦਾ ਸ਼ਿਕਾਰ

Monday, Mar 05, 2018 - 12:50 AM (IST)

ਸਲੋਹ ਰੋਡ ਦਾ ਖਸਤਾਹਾਲ ਟੋਟਾ ਅਣਦੇਖੀ ਦਾ ਸ਼ਿਕਾਰ

ਨਵਾਂਸ਼ਹਿਰ, (ਤ੍ਰਿਪਾਠੀ)- ਹਲਕਾ ਵਿਧਾਇਕ ਅੰਗਦ ਸਿੰਘ ਦੀ ਸਲੋਹ ਸਥਿਤ ਰਿਹਾਇਸ਼ ਨੂੰ ਜਾਣ ਵਾਲੇ ਮਾਰਗ ਦਾ ਖਸਤਾਹਾਲ ਕਰੀਬ 200 ਮੀਟਰ ਦਾ ਟੁਕੜਾ ਇਸ ਮਾਰਗ 'ਤੇ ਪੈਣ ਵਾਲੇ ਕਈ ਮੁਹੱਲਿਆਂ ਦੇ ਲੋਕਾਂ ਅਤੇ ਦਰਜਨ ਪਿੰਡਾਂ ਦੇ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਦੀ ਸਾਬਕਾ ਸਰਕਾਰ ਸਮੇਂ ਸਲੋਹ ਮਾਰਗ 'ਤੇ ਸਥਿਤ ਮਾਡਲ ਟਾਊਨ ਤੋਂ ਪਿੰਡ ਸਲੋਹ ਦੇ ਖਸਤਾਹਾਲ ਮਾਰਗ ਦੀ ਮੁਰੰਮਤ ਦਾ ਕਾਰਜ ਕਰਵਾਇਆ ਗਿਆ ਸੀ, ਜਦੋਂਕਿ ਕਾਂਗਰਸ ਬਹੁਮਤ ਵਾਲੀ ਨਗਰ ਕੌਂਸਲ ਵੱਲੋਂ ਸਲੋਹ ਚੌਕ ਤੋਂ ਬਲਵੀਰ ਜਿਮ ਤਕ ਦੀ ਸੜਕ ਦਾ ਮੁਰੰਮਤ ਕਾਰਜ ਕਰਵਾਇਆ ਗਿਆ ਸੀ ਪਰ ਜਿਮ ਤੋਂ ਲੈ ਕੇ ਮਾਡਲ ਟਾਊਨ ਤਕ ਦੀ ਕਰੀਬ 200 ਮੀਟਰ ਸੜਕ ਨੂੰ ਬਿਨਾਂ ਮੁਰੰਮਤ ਦੇ ਛੱਡ ਦਿੱਤਾ ਗਿਆ ਸੀ। ਕਾਂਗਰਸ ਸਰਕਾਰ ਦੇ ਸੱਤਾ ਸੰਭਾਲਣ 'ਤੇ ਇਸ ਮਾਰਗ 'ਤੇ ਪੈਂਦੇ ਨਗਰ ਕੌਂਸਲ ਦੇ ਵਾਰਡ ਜਿਸ 'ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਸਨ, ਨੂੰ ਆਸ ਸੀ ਕਿ ਇਸ ਮਾਰਗ ਦੀ ਮੁਰੰਮਤ ਵੀ ਜਲਦ ਕਰਵਾ ਦਿੱਤੀ ਜਾਵੇਗੀ ਪਰ ਟੈਂਡਰ ਪਾਸ ਹੋਣ ਦੇ ਬਾਵਜੂਦ ਇਸ ਮਾਰਗ ਦੀ ਮੁਰੰਮਤ ਨੂੰ ਲੈ ਕੇ ਲਗਾਤਾਰ ਟਾਲ-ਮਟੋਲ ਕੀਤੀ ਜਾ ਰਹੀ ਹੈ, ਜਿਸ ਕਾਰਨ ਨਾ ਸਿਰਫ ਇਸ ਮਾਰਗ 'ਤੇ ਰਹਿਣ ਵਾਲੇ ਕਾਂਗਰਸੀ ਕੌਂਸਲਰਾਂ ਵਾਲੇ ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਸਗੋਂ ਦਰਜਨਾਂ ਪਿੰਡਾਂ ਦੇ ਰਾਹਗੀਰਾਂ 'ਚ ਨਗਰ ਕੌਂਸਲ ਪ੍ਰਸ਼ਾਸਨ ਅਤੇ ਵਿਧਾਇਕ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮਾਰਗ 'ਤੇ ਧਾਰਮਿਕ ਸਥਾਨਾਂ ਤੋਂ ਇਲਾਵਾ ਸਥਿਤ ਹਨ ਸਿੱਖਿਆ ਸੰਸਥਾਵਾਂ ਅਤੇ ਹਸਪਤਾਲ 
ਸਲੋਹ ਮਾਰਗ 'ਤੇ ਜਿਥੇ ਕਈ ਧਾਰਮਿਕ ਸਥਾਨ ਸਥਿਤ ਹਨ, ਉਥੇ ਹੀ ਸਿੱਖਿਆ ਸੰਸਥਾਵਾਂ ਅਤੇ ਹਸਪਤਾਲਾਂ 'ਚ ਆਉਣ-ਜਾਣ ਵਾਲੇ ਲੋਕਾਂ ਦੀ ਭਾਰੀ ਆਮਦ ਰੋਜ਼ਾਨਾ ਹੁੰਦੀ ਹੈ, ਬਾਵਜੂਦ ਇਸ ਦੇ ਇਹ ਮਾਰਗ ਜਿਸ 'ਤੇ ਕਾਂਗਰਸੀ ਕੌਂਸਲਰ ਕਾਬਜ਼ ਹਨ, ਪ੍ਰਸ਼ਾਸਨ ਅਤੇ ਵਿਧਾਇਕ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਮੁਹੱਲਾ ਵਿਕਾਸ ਨਗਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਖਸਤਾਹਾਲ ਸੜਕ ਦਾ ਉਸਾਰੀ ਕੰਮ ਛੇਤੀ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਹੋਰਨਾਂ ਮੁਹੱਲਿਆਂ ਅਤੇ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


Related News