ਸਵੱਛਤਾ ਪ੍ਰਤੀ ਕਲੱਬਾਂ ਤੇ ਕੌਂਸਲ ਦਾ ਹੋਕਾ, ਧੁਰ ਅੰਦਰ ਤੱਕ ਨਿਕਲਿਆ ਫੋਕਾ
Monday, Aug 21, 2017 - 01:54 AM (IST)

ਬਾਘਾਪੁਰਾਣਾ, (ਚਟਾਨੀ, ਮੁਨੀਸ਼)- ਸ਼ਹਿਰ 'ਚ ਸਵੱਛਤਾ ਮੁਹਿੰਮ ਦਾ ਉੱਚੀਆਂ ਬਾਹਵਾਂ ਕਰ ਕੇ ਹੋਕਾ ਦੇਣ ਵਾਲੀਆਂ ਕਲੱਬਾਂ ਅਤੇ ਨਗਰ ਕੌਂਸਲ ਦੋਵਾਂ ਦੀ ਅਸਲੀਅਤ ਨੂੰ ਸ਼ਹਿਰ 'ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਅਤੇ ਗੰਦਗੀ ਨਾਲ ਭਰੀਆਂ ਨਾਲੇ-ਨਾਲੀਆਂ ਨੰਗਾ ਕਰ ਰਹੀਆਂ ਹਨ। ਕੌਂਸਲ ਦੇ ਅਧਿਕਾਰੀਆਂ 'ਤੇ ਲੋਕਾਂ ਦਾ ਦੋਸ਼ ਹੈ ਕਿ ਉਹ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਅੱਖੀਂ ਦੇਖਣ ਲਈ ਦਫਤਰਾਂ 'ਚੋਂ ਕਦੇ ਬਾਹਰ ਹੀ ਨਹੀਂ ਨਿਕਲਦੇ ਸਗੋਂ ਦਫਤਰ ਵਿਚ ਬੈਠ ਕੇ ਸਿਰਫ ਅਖਬਾਰੀ ਬਿਆਨਾਂ ਰਾਹੀਂ ਖਾਨਾਪੂਰਤੀ ਕਰ ਕੇ ਡੰਗ ਟਪਾਉਂਦੇ ਆ ਰਹੇ ਹਨ। ਸ਼ਹਿਰ ਦੇ ਲੋਕਾਂ ਨੇ ਸਮਾਜ ਦੀ ਸੇਵਾ ਦਾ ਢੌਂਗ ਕਰਦੀਆਂ ਕਈ ਕਲੱਬਾਂ ਨੂੰ ਵੀ ਸਿਰਫ ਸ਼ੋਸ਼ੇਬਾਜ਼ੀ ਅਤੇ ਅਖਬਾਰੀ ਸੁਰਖੀਆਂ ਤੱਕ ਸੀਮਤ ਦੱਸਦਿਆਂ ਕਿਹਾ ਕਿ ਅਮਲੀ ਰੂਪ 'ਚ ਕੰਮ ਕਰਨ ਨੂੰ ਉਹ ਬਿਲਕੁਲ ਤਰਜੀਹ ਨਹੀਂ ਦਿੰਦੇ। ਸ਼ਹਿਰ ਦੀ ਮਿਆਰੀ ਜ਼ੈਲ ਸਿੰਘ ਮਾਰਕੀਟ ਵਾਲੇ ਰਸਤੇ ਵਿਚ ਕੂੜੇ ਦੇ ਢੇਰ ਨਜ਼ਦੀਕੀ ਆਬਾਦੀ ਦਾ ਮਾਹੌਲ ਪਿਛਲੇ ਇਕ ਅਰਸੇ ਤੋਂ ਬਦਬੂਦਾਰ ਬਣਾਉਂਦੇ ਆ ਰਹੇ ਹਨ ਪਰ ਕਾਰਜਸਾਧਕ ਅਫਸਰ ਨੂੰ ਅਜਿਹੇ ਢੇਰਾਂ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਵੀ ਕੂੜਾ ਚੁੱਕਵਾਉਣ ਲਈ ਕੋਈ ਕਾਰਵਾਈ ਤੱਕ ਨਹੀਂ ਹੋਈ। ਸਾਉਣ-ਭਾਦੋਂ ਦੇ ਭੜਾਸ ਮਾਰਦੇ ਮੌਸਮ ਵਿਚ ਗਲੀਆਂ, ਨਾਲੀਆਂ 'ਚ ਖੜ੍ਹਦੇ ਗੰਦੇ ਪਾਣੀ ਤੋਂ ਪੈਦਾ ਹੁੰਦੇ ਮੱਖੀਆਂ-ਮੱਛਰ ਕਰ ਕੇ ਭਿਆਨਕ ਬੀਮਾਰੀਆਂ ਲੋਕਾਂ ਦੇ ਦਰਵਾਜ਼ੇ 'ਤੇ ਦਸਤਕ ਦੇ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਮੱਛਰ ਮਾਰਨ ਲਈ ਦਵਾਈ ਦੇ ਛਿੜਕਾਅ ਜਾਂ ਮੱਛਰ ਭਜਾਊ ਫੌਗਿੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਲੋਕਾਂ ਨੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਡਿਪਟੀ ਕਮਿਸ਼ਨਰ ਮੋਗਾ ਅਤੇ ਐੱਸ. ਡੀ. ਐੱਮ. ਬਾਘਾਪੁਰਾਣਾ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਨਗਰ ਕੌਂਸਲ ਦੇ ਮੁੱਖ ਅਧਿਕਾਰੀਆਂ ਨੂੰ ਉਨ੍ਹਾਂ ਦੀ ਬਣਦੀ ਜ਼ਿੰਮੇਵਾਰੀ ਪ੍ਰਤੀ ਜਵਾਬਦੇਹ ਬਣਾਉਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਪ੍ਰਸ਼ਾਸਨ ਅੱਗੇ ਲੇਲ੍ਹੜੀਆਂ ਕੱਢ ਚੁੱਕੇ ਪੀੜਤ ਲੋਕਾਂ ਨੇ ਆਪਣੀ ਅਪੀਲ ਨੂੰ ਆਖਰੀ ਅਪੀਲ ਦੱਸਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਹਿਰ ਦੀ ਸਫਾਈ ਵਿਵਸਥਾ ਪ੍ਰਤੀ ਕੌਂਸਲ ਨੇ ਆਪਣਾ ਅਵੇਸਲਾ ਰਵੱਈਆ ਨਾ ਤਿਆਗਿਆ ਤਾਂ ਤਿੱਖੇ ਸੰਘਰਸ਼ ਰਾਹੀਂ ਉਹ ਆਪਣਾ ਹੱਕ ਮੰਗਣਗੇ।