ਟੁੱਟੀਆਂ ਸੜਕਾਂ ਵਾਲੇ ਸ਼ਹਿਰ ਦੇ ਨਾਂ ਨਾਲ ਮਸ਼ਹੂਰ ਹੋਣ ਲੱਗਾ ਮੋਗਾ

Wednesday, Dec 20, 2017 - 01:18 AM (IST)

ਟੁੱਟੀਆਂ ਸੜਕਾਂ ਵਾਲੇ ਸ਼ਹਿਰ ਦੇ ਨਾਂ ਨਾਲ ਮਸ਼ਹੂਰ ਹੋਣ ਲੱਗਾ ਮੋਗਾ

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਨਗਰ ਨਿਗਮ ਮੋਗਾ ਵੱਲੋਂ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਨਾਲ ਲੈਸ ਕਰਨ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਮੋਗਾ ਸ਼ਹਿਰ ਦੀਆਂ ਜਗ੍ਹਾ-ਜਗ੍ਹਾ ਤੋਂ ਟੁੱਟੀਆਂ ਸੜਕਾਂ ਖੋਲ੍ਹ ਰਹੀਆਂ ਹਨ। ਸ਼ਹਿਰ ਦੀਆਂ ਅੱਧੀ ਤੋਂ ਜ਼ਿਆਦਾ ਸੜਕਾਂ 'ਤੇ ਪਏ ਡੂੰਘੇ ਖੱਡਿਆਂ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਡੇਢ ਸਾਲ ਤੋਂ ਟੁੱਟੀਆਂ ਸੜਕਾਂ ਦਾ ਰੋਣਾ ਰੋ ਰਹੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ 'ਚ ਨਗਰ ਨਿਗਮ ਅਜੇ ਤੱਕ ਫੇਲ ਸਾਬਤ ਹੋਇਆ ਹੈ।
ਇਸ ਤਰ੍ਹਾਂ ਦੀ ਬਣੀ ਸਥਿਤੀ ਕਾਰਨ ਜਿਥੇ ਸ਼ਹਿਰ ਵਾਸੀਆਂ ਦਾ ਨਗਰ ਨਿਗਮ ਪ੍ਰਤੀ ਗੁੱਸਾ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਉਥੇ ਮਾਲਵਾ ਖੇਤਰ ਅਧੀਨ ਆਉਂਦਾ ਮੋਗਾ ਸ਼ਹਿਰ ਹੁਣ ਟੁੱਟੀਆਂ ਸੜਕਾਂ ਵਾਲੇ ਸ਼ਹਿਰ ਦੇ ਨਾਂ ਨਾਲ ਮਸ਼ਹੂਰ ਹੋਣ ਲਗਾ ਹੈ।
'ਜਗ ਬਾਣੀ' ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਨਗਰ ਕੌਂਸਲ ਤੋਂ ਢਾਈ ਸਾਲ ਪਹਿਲਾਂ ਨਗਰ ਨਿਗਮ ਬਣੇ ਮੋਗਾ ਸ਼ਹਿਰ ਦੇ ਇਸ ਸਮੇਂ ਦੌਰਾਨ ਸ਼ਹਿਰ ਲਈ ਕੋਈ ਵੱਡਾ ਪ੍ਰਾਜੈਕਟ ਤਾਂ ਕੀ ਮਿਲਣਾ ਸੀ, ਬਲਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਵੀ ਨਹੀਂ ਹੋ ਸਕੀ। ਵਾਰਡ ਨੰਬਰ 6-7, ਜਿਸ ਹਿੱਸੇ 'ਚ ਸੰਤ ਸਿੰਘ ਸਾਦਿਕ ਰੋਡ ਅਤੇ ਦਮਨ ਸਿੰਘ ਨਗਰ ਦਾ ਇਲਾਕਾ ਆਉਂਦਾ ਹੈ, 'ਚ ਲੋਕਾਂ ਦੇ ਰੋਸ ਕਾਰਨ ਨਗਰ ਨਿਗਮ ਨੇ ਇੱਟਾਂ ਵਾਲੀਆਂ ਸੜਕਾਂ ਨੂੰ ਉਖਾੜ ਕੇ ਪੱਥਰ ਤਾਂ ਪਾ ਦਿੱਤਾ ਸੀ ਪਰ ਅੱਜ ਤੱਕ ਇਕ ਸਾਲ ਬੀਤਣ ਦੇ ਬਾਵਜੂਦ ਇਸ ਇਲਾਕੇ ਦੀਆਂ ਸੜਕਾਂ 'ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। 
ਇਥੋਂ ਦੇ ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਲੱਗਦਾ ਹੈ ਨਗਰ ਨਿਗਮ ਸੜਕਾਂ 'ਤੇ ਪ੍ਰੀਮਿਕਸ ਪਾਉਣਾ ਹੀ ਭੁੱਲ ਗਈ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 46, ਨਿਊ ਟਾਊਨ, ਗਲੀ ਨੰਬਰ-9, ਪਹਾੜਾ ਸਿੰਘ ਚੌਕ, ਹਰਿਗੋਬਿੰਦ ਨਗਰ, ਬਹੋਨਾ ਰੋਡ, ਅਕਾਲਸਰ ਰੋਡ ਸਮੇਤ ਸ਼ਹਿਰ ਦੀਆਂ ਅਨੇਕਾਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ।


Related News