ਮੁੱਖ ਮੰਤਰੀ ਨੇ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਇਆ
Friday, Jun 04, 2021 - 01:54 AM (IST)
ਜਲੰਧਰ(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਟਵੀਟ ਕਰਦੇ ਹੋਏ ਕਿਹਾ ਕਿ ਮਿਊਕਰਮਾਇਕੋਸਿਸ (ਬਲੈਕ ਫੰਗਸ) ਨੂੰ ਪੰਜਾਬ ਸਰਕਾਰ ਨੇ ਮਹਾਮਾਰੀ ਐਕਟ ਦੇ ਤਹਿਤ ਮਹਾਮਾਰੀ ਐਲਾਨ ਕਰ ਦਿੱਤਾ ਹੈ ਅਤੇ ਇਸ ਸੰਬੰਧ ’ਚ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਇਕ ਪਾਸੇ ਪੰਜਾਬ ’ਚ ਹੁਣ ਕੋਵਿਡ ਮਰੀਜ਼ਾਂ ਦੀ ਗਿਣਤੀ ’ਚ ਗਿਰਾਵਟ ਆ ਰਹੀ ਹੈ ਪਰ ਉਸ ਦੇ ਬਾਵਜੂਦ ਸਰਕਾਰ ਵੱਲੋਂ ਲਾਗੂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਅਜੇ ਵੀ ਜ਼ਰੂਰਤ ਹੈ। ਖ਼ਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ।
ਇਹ ਵੀ ਪੜ੍ਹੋ- ਕੈਪਟਨ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਆਪਣੇ ਮੰਤਰੀਆਂ ਦਾ ਭਰੋਸਾ ਵੀ ਗੁਆ ਚੁੱਕੇ, ਤੁਰੰਤ ਦੇਣ ਅਸਤੀਫਾ : ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਨਾਲ-ਨਾਲ ਸਾਨੂੰ ਬਲੈਕ ਫੰਗਸ ਨੂੰ ਲੈ ਕੇ ਵੀ ਚੌਕਸੀ ਵਰਤਣੀ ਹੈ ਅਤੇ ਇਸ ਦੇ ਲੱਛਣਾਂ ਨੂੰ ਲੈ ਕੇ ਸੁਚੇਤ ਰਹਿਣਾ ਹੈ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਬਲੈਕ ਫੰਗਸ ਨੂੰ ਹਲਕੇ ’ਚ ਨਹੀਂ ਲਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਬਲੈਕ ਫੰਗਸ ਬੀਮਾਰੀ ਦਾ ਇਲਾਜ ਕਰਨ ਵਾਲੀਆਂ ਦਵਾਈਆਂ ਦਾ ਸਾਰੇ ਸ਼ਹਿਰਾਂ ’ਚ ਪ੍ਰਬੰਧ ਕੀਤਾ ਜਾਵੇ ਅਤੇ ਸਿਹਤ ਮਾਹਿਰਾਂ ਦੀ ਸਲਾਹ ’ਤੇ ਅਮਲ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੇ ਕੋਵਿਡ ਤੋਂ ਬਾਅਦ ਆਉਣ ਵਾਲੀਆਂ ਸਾਰੀਆਂ ਬੀਮਾਰੀਆਂ ਨੂੰ ਲੈ ਕੇ ਸਾਨੂੰ ਚੌਕਸ ਰਹਿਣਾ ਹੈ ਅਤੇ ਨਾਲ ਹੀ ਕੋਰੋਨਾ ਦੀ ਪ੍ਰਸਤਾਵਿਤ ਤੀਜੀ ਲਹਿਰ ਨੂੰ ਲੈ ਕੇ ਵੀ ਸਾਵਧਾਨੀ ਵਰਤਣੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਸਾਰੇ ਜ਼ਿਲਿਆਂ ’ਚ ਬੁਨਿਆਦੀ ਢਾਂਚੇ ਨੂੰ ਵੀ ਬਣਾ ਲਿਆ ਜਾਵੇਗਾ ਅਤੇ ਨੌਜਵਾਨਾਂ ਦੀ ਸੁਰੱਖਿਆ ਨੂੰ ਹਰ ਹਾਲ ’ਚ ਯਕੀਨੀ ਬਣਾਇਆ ਜਾਵੇਗਾ।