ਮੁੱਖ ਮੰਤਰੀ ਨੇ ਨਸ਼ਿਆਂ ਦੇ ਖਾਤਮੇ ਲਈ ਚੁੱਕੀ ਸੀ ਸਹੁੰ, ਯੂਥ ਕਾਂਗਰਸ ਦੇ ਆਗੂ ਕਰ ਰਹੇ ਸ਼ਰਾਬ ਦੀ ਸਮਗਲਿੰਗ

Monday, May 04, 2020 - 12:17 AM (IST)

ਜਲੰਧਰ, (ਚੋਪੜਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ 4 ਹਫਤਿਆਂ ਅੰਦਰ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਦੀ ਸਹੁੰ ਖਾਦੀ ਸੀ ਪਰ ਕੈਪਟਨ ਅਮਰਿੰਦਰ ਸਰਕਾਰ ਦੇ ਕਾਰਜਕਾਲ ਦੇ 3 ਸਾਲਾਂ ਬਾਅਦ ਹਾਲਾਤ ਇਹ ਬਣ ਗਏ ਹਨ ਕਿ ਪਾਰਟੀ ਦੇ ਅਹਿਮ ਫਰੰਟ ਯੂਥ ਕਾਂਗਰਸ ਨਾਲ ਸਬੰਧਤ ਆਗੂ ਸ਼ਰਾਬ ਦੀ ਸਮਗਲਿੰਗ ਵਿਚ ਲੱਗੇ ਹੋਏ ਹਨ । ਲਾਕਡਾਊਨ ਦੌਰਾਨ ਯੂਥ ਕਾਂਗਰਸ ਨਾਲ ਸਬੰਧਤ 2 ਆਗੂਆਂ ਖ਼ਿਲਾਫ਼ ਸ਼ਰਾਬ ਸਮਗਲਿੰਗ ਦੇ 2 ਵੱਖ-ਵੱਖ ਮਾਮਲੇ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਹੋਣ ਨਾਲ ਪਾਰਟੀ ਦੀ ਬਦਨਾਮੀ ਹੋ ਰਹੀ ਹੈ ।

ਯੂਥ ਕਾਂਗਰਸ ਕੇਂਦਰੀ ਵਿਧਾਨ ਸਭਾ ਹਲਕੇ ਦੇ ਸਾਬਕਾ ਪ੍ਰਧਾਨ ਅਤੇ ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਮੌਜੂਦਾ ਸਕੱਤਰ ਪਰਮਜੀਤ ਸਿੰਘ ਬੱਲ ਨੂੰ ਥਾਣਾ ਨੰ. 5 ਦੀ ਪੁਲਸ ਨੇ ਸ਼ਰਾਬ ਦੇ 200 ਕਵਾਟਰਾਂ ਸਮੇਤ ਰੰਗੇ ਹੱਥੀਂ ਫੜਿਆ ਹੈ। ਸ਼ਰਾਬ ਦੀ ਇਹ ਖੇਪ ਪਰਮਜੀਤ ਦੀ ਗੱਡੀ ਵਿਚੋਂ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਉਸ ਦੇ ਨਾਲ ਯੂਥ ਕਾਂਗਰਸ ਦਾ ਆਗੂ ਵਿਕਰਮਜੀਤ ਸਿੰਘ ਬੰਟੀ ਵੀ ਮੌਜੂਦ ਸੀ। ਦੂਜੇ ਮਾਮਲੇ ਵਿਚ ਨਾਮਜ਼ਦ ਪੱਛਮੀ ਵਿਧਾਨ ਸਭਾ ਹਲਕੇ ਦੇ ਜਨਰਲ ਸਕੱਤਰ ਭਾਰਤ ਭੂਸ਼ਣ ਜੈਰਥ ਅਤੇ ਬਲ ਦੀਆਂ ਤਸਵੀਰਾਂ ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਵੱਡੇ ਆਗੂਆਂ ਨਾਲ ਅਕਸਰ ਸੁਰਖੀਆਂ ਵਿਚ ਬਣੀਆਂ ਰਹਿੰਦੀਆਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਯੂਥ ਕਾਂਗਰਸ ਨਾਲ ਜੁੜੇ ਪਰਮਜੀਤ ਬੱਲ ਦੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਸਮੇਤ ਕਈ ਵੱਡੇ ਸਿਆਸਤਦਾਨਾਂ ਨਾਲ ਨੇੜਲੇ ਸੰਬੰਧ ਰਹੇ ਹਨ। ਉਹ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਦੇ ਖਾਸਮ-ਖਾਸ ਹਨ। ਪਰਮਜੀਤ ਬੱਲ ਨੇ ਕੁਝ ਮਹੀਨੇ ਪਹਿਲਾਂ ਹੋਈਆਂ ਯੂਥ ਕਾਂਗਰਸ ਦੀਆਂ ਸੰਗਠਨੀ ਚੋਣਾਂ ਵਿਚ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਹੁਦੇ ਦੇ ਦਾਅਵੇਦਾਰੀ ਕੀਤੀ ਸੀ। ਬੱਲ ਨੂੰ ਯੂਥ ਕਾਂਗਰਸ ਜਲੰਧਰ ਲੋਕ ਸਭਾ ਦੇ ਸਾਬਕਾ ਪ੍ਰਧਾਨ ਕਾਕੂ ਆਹਲੂਵਾਲੀਆ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਤੋਂ ਇਲਾਵਾ ਕਈ ਆਗੂਆਂ ਦਾ ਸਮਰਥਨ ਹਾਸਲ ਸੀ ਪਰ ਵੋਟਿੰਗ ਤੋਂ ਪਹਿਲਾਂ ਵਿਧਾਇਕ ਸੁਸ਼ੀਲ ਰਿੰਕੂ ਦੇ ਪੁਰਾਣੇ ਸਾਥੀ ਅਤੇ ਪੱਛਮੀ ਵਿਧਾਨ ਸਭਾ ਦੇ ਸਾਬਕਾ ਪ੍ਰਧਾਨ ਰਾਜੇਸ਼ ਅਗਨੀਹੋਤਰੀ ਦੇ ਪ੍ਰਧਾਨ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਕਾਰਨ ਵਿਧਾਇਕ ਰਿੰਕੂ ਅਤੇ ਕੁਝ ਸੀਨੀਅਰ ਆਗੂਆਂ ਨੇ ਬਲ ਨੂੰ ਚੋਣ ਨਾ ਲੜਨ ਲਈ ਮਨਾ ਲਿਆ ਸੀ ।

ਇਸੇ ਤਰ੍ਹਾਂ ਥਾਣਾ 5 ਦੀ ਪੁਲਸ ਨੇ ਯੂਥ ਕਾਂਗਰਸ ਪੱਛਮੀ ਹਲਕੇ ਦੇ ਜਨਰਲ ਸਕੱਤਰ ਭਾਰਤ ਭੂਸ਼ਣ ਜੈਰਥ ਨੂੰ ਵੀ ਸਮਗਲਿੰਗ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਸਮਗਲਰ ਗਗਨਦੀਪ ਸੇਠੀ ਨੇ ਬਸਤੀ ਦਾਨਿਸ਼ਮੰਦਾ ਖੇਤਰ ਵਿਚ 2 ਕੇਨ 20-20 ਲੀਟਰ ਸਰਾਬ ਨਾਲ ਫੜੇ ਜਾਣ ਤੋਂ ਬਾਅਦ ਪੁਲਸ ਜਾਂਚ ਵਿਚ ਕਬੂਲ ਕੀਤਾ ਕਿ ਉਹ ਫੜੀ ਹੋਈ ਸ਼ਰਾਬ ਭਾਰਤ ਭੂਸ਼ਣ ਜੈਰਥ ਤੋਂ ਲੈ ਕੇ ਆਇਆ ਹੈ। ਹੁਣ ਸ਼ਰਾਬ ਸਮਗਲਿੰਗ ਦੇ ਮਾਮਲਿਆਂ ਵਿਚ ਯੂਥ ਕਾਂਗਰਸ ਦੇ ਆਗੂਆਂ ਦੀ ਸ਼ਮੂਲੀਅਤ ਸਾਹਮਣੇ ਆਉਣ ਨਾਲ ਪਾਰਟੀ ਦੇ ਅਕਸ ਨੂੰ ਬਹੁਤ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ । ਇਸ ਸੰਬੰਧ ਵਿਚ ਦੋਵੇਂ ਆਗੂਆਂ ਦੀ ਪ੍ਰਤੀਕਿਰਿਆ ਲੈਣ ਲਈ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਦੇ ਮੋਬਾਈਲ ਸਵਿਚ ਆਫ ਸੀ।

ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਨੇ ਬਲ ਅਤੇ ਜੈਰਥ ਨੂੰ ਯੂਥ ਕਾਂਗਰਸ ਤੋਂ ਕੀਤਾ ਸਸਪੈਂਡ

ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਪਰਮਜੀਤ ਬੱਲ ਅਤੇ ਭਾਰਤ ਭੂਸ਼ਣ ਜੈਰਥ ਖਿਲਾਫ ਸ਼ਰਾਬ ਸਮਗਲਿੰਗ ਦੇ ਦੋਸ਼ ਵਿਚ ਦਰਜ ਪੁਲਸ ਕੇਸਾਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਬਰਿੰਦਰ ਢਿੱਲੋਂ ਨੇ ਕਿਹਾ ਕਿ ਪਾਰਟੀ ਵਿਚ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਲ ਕਿਸੇ ਵੀ ਨੌਜਵਾਨ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਲ ਅਤੇ ਜੈਰਥ ਖਿਲਾਫ ਜ਼ਿਲਾ ਯੂਥ ਕਾਂਗਰਸ ਦੇ ਇੰਚਾਰਜ ਅਤੇ ਸੂਬਾ ਸਕੱਤਰ ਨਵਇੰਦਰ ਮਾਨ ਤੋਂ ਰਿਪੋਰਟ ਤਲਬ ਕਰ ਲਈ ਹੈ । ਜੇਕਰ ਰਿਪੋਰਟ ਮੁਤਾਬਕ ਦੋਵੇਂ ਆਗੂਆਂ ਨੂੰ ਸ਼ਰਾਬ ਸਮਗਲਿੰਗ ਦੇ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਨੂੰ ਯੂਥ ਕਾਂਗਰਸ ਵਿਚੋਂ ਕੱਢ ਦਿੱਤਾ ਜਾਵੇਗਾ।

ਯੂਥ ਕਾਂਗਰਸ ਦੀ ਮਰਿਆਦਾ ਨੂੰ ਦਾਅ 'ਤੇ ਲਾਉਣ ਵਾਲੇ ਬਖਸ਼ੇ ਨਾ ਜਾਣ : ਅੰਗਦ ਦੱਤਾ

ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਮੁਖੀ ਅੰਗਦ ਦੱਤਾ ਨੇ ਕਿਹਾ ਕਿ ਯੂਥ ਕਾਂਗਰਸ ਦੀ ਮਰਿਆਦਾ ਨੂੰ ਦਾਅ ’ਤੇ ਲਗਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ । ਉਨ੍ਹਾਂ ਕਿਹਾ ਕਿ ਉਹ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੋਂ ਮੰਗ ਕਰਦੇ ਹਨ ਕਿ ਬੱਲ ਅਤੇ ਜੈਰਥ ਦੇ ਮਾਮਲਿਆਂ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਇਨ੍ਹਾਂ ਕੇਸਾਂ ਪਿੱਛੇ ਕੋਈ ਰਾਜਨੀਤਿਕ ਰੰਜਿਸ਼ ਨਾ ਨਿਕਲੇ। ਪੁਲਸ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਸਿਆਸੀ ਦਬਾਅ ਦੇ ਸ਼ਰਾਬ ਮਾਫੀਆ ਦੇ ਪੂਰੇ ਨੈਕਸਸ ਨੂੰ ਨੰਗਾ ਕਰਨਾ ਚਾਹੀਦਾ ਹੈ।


Bharat Thapa

Content Editor

Related News