ਮੁੱਖ ਮੰਤਰੀ ਨੇ ਪੰਜਾਬ ਪੁਲਸ ਨੂੰ ਲਾਕਡਾਊਨ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਨਿਰਦੇਸ਼

Wednesday, May 20, 2020 - 01:01 AM (IST)

ਮੁੱਖ ਮੰਤਰੀ ਨੇ ਪੰਜਾਬ ਪੁਲਸ ਨੂੰ ਲਾਕਡਾਊਨ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਨਿਰਦੇਸ਼

ਜਲੰਧਰ, (ਧਵਨ)– ਸੂਬੇ ’ਚ ਅੱਜ ਕਈ ਰਾਹਤਾਂ ਨੂੰ ਲਾਗੂ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ ਸੁਰੱਖਿਆ ਪ੍ਰੋਟੋਕਾਲ ਜਿਸ ’ਚ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਪਹਿਨਣਾ ਜ਼ਰੂਰੀ ਹੈ, ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 25 ਤੋਂ 30 ਦਿਨ ਕੋਰੋਨਾ ਵਾਇਰਸ ਦੇ ਪ੍ਰਸਾਰ ’ਤੇ ਰੋਕ ਲਗਾਉਣ ਨੂੰ ਲੈ ਕੇ ਬਹੁਤ ਹੀ ਅਹਿਮ ਰਹੇ ਹਨ ਕਿਉਂਕਿ ਅਰਥ ਵਿਵਸਥਾ, ਵਪਾਰਿਕ ਗਲਤੀਆਂ ਨੂੰ 55 ਦਿਨਾਂ ਦੇ ਕਰਫਿਊ ਤੋਂ ਬਾਅਦ ਅਚਾਨਕ ਖੋਲ੍ਹਿਆ ਗਿਆ ਹੈ। ਉਨ੍ਹਾਂ ਨੇ ਪੰਜਾਬ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਖਤ ਮਿਹਨਤ ਅਤੇ ਪ੍ਰੋਟੋਕਾਲ ਨੂੰ ਲਾਗੂ ਕਰਨ ਦੀ ਵਚਨਬੱਧਤਾ ’ਤੇ ਕੰਮ ਕਰਨ ਅਤੇ ਮਹਾਮਾਰੀ ਨੂੰ ਕੰਟਰੋਲ ’ਚ ਰੱਖਣ ਲਈ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਵਾਉਣ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 55 ਦਿਨਾਂ ’ਚ ਪੰਜਾਬ ਪੁਲਸ ਵਲੋਂ ਕੀਤੀ ਗਈ ਸਖਤ ਮਿਹਨਤ ਅਤੇ ਪੰਜਾਬ ਦੇ ਲੋਕਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਵਿਅਰਥ ਨਹੀਂ ਜਾਣ ਦੇਣਾ ਹੈ।

ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇ ਕੋਈ ਵਿਅਕਤੀ ਲਾਕਡਾਊਨ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ ਅਤੇ ਉਸ ਦਾ ਵਾਹਨ ਜ਼ਬਤ ਕਰਦੇ ਹੋਏ ਚਾਲਾਨ ਕੀਤੇ ਜਾਣ। ਅਸੀਂ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਨ ਦਾ ਜਨਤਾ ’ਚ ਸਖਤ ਸੰਦੇਸ਼ ਦੇਣਾ ਚਾਹੁੰਦੇ ਹਾਂ। ਸਾਰੇ ਐੱਸ. ਐੱਸ. ਪੀਜ਼ ਅਤੇ ਪੁਲਸ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਹ ਜਨਤਾ ਨੂੰ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ ਨੂੰ ਲਾਜ਼ਮੀ ਢੰਗ ਨਾਲ ਲਾਗੂ ਕਰਵਾਉਣ। ਉਨ੍ਹਾਂ ਕਿਹਾ ਕਿ ਦੁਕਾਨਾਂ, ਵਰਕ ਪਲੇਸ, ਬੈਂਕਾਂ, ਸ਼ਰਾਬ ਦੇ ਠੇਕਿਆਂ ’ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮ ਨੂੰ ਵੀ ਸਖਤੀ ਨਾਲ ਲਾਗੂ ਕਰਵਾਉਣਾ ਹੈ।

ਇਸੇ ਤਰ੍ਹਾਂ ਕਾਰ, ਸਕੂਟਰਾਂ ਅਤੇ ਮੋਟਰਸਾਈਕਲਾਂ ਅਤੇ ਜਨਤਕ ਅਤੇ ਪ੍ਰਾਈਵੇਟ ਟ੍ਰਾਂਸਪੋਰਟ ਬੱਸਾਂ ’ਤੇ ਕੋਵਿਡ-19 ਲੈ ਕੇ ਜਾਰੀ ਪ੍ਰੋਟੋਕਾਲ ਨੂੰ ਲਾਗੂ ਕਰਵਾਇਆ ਜਾਣਾ ਹੈ। ਨਵੇਂ ਨਿਰਦੇਸ਼ਾਂ ਤਹਿਤ ਇਨ੍ਹਾਂ ਵਾਹਨਾਂ ਨੂੰ ਕੰਟੋਨਮੈਂਟ ਜ਼ੋਨਾਂ ਨੂੰ ਛੱਡ ਕੇ ਸੂਬੇ ਦੇ ਅੰਦਰ ਚਲਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਰਾਤ ਦੇ ਸਮੇਂ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਕੇਂਦਰ ਵਲੋਂ ਜਾਰੀ ਨਿਰਦੇਸ਼ਾਂ ਨੂੰ ਲਾਗੂ ਕਰਵਾਉਣ। ਲਾਕਡਾਊਨ ਦੇ ਤਹਿਤ ਲੋਕ ਸਿਰਫ ਮੈਡੀਕਲ ਜਾਂ ਜ਼ਰੂਰੀ ਵਸਤਾਂ ਲਈ ਹੀ ਬਾਹਰ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਨੂੰ ਰਾਹਤ ਇਸ ਲਈ ਦਿੱਤੀ ਗਈ ਕਿਉਂਕਿ ਕਰਫਿਊ ਦੀ ਮਿਆਦ ’ਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।


author

Bharat Thapa

Content Editor

Related News