ਮੁੱਖ ਮੰਤਰੀ ਵਲੋਂ ਕੇਂਦਰ ਨੂੰ ਪੰਜਾਬ ਲਈ ਵੈਕਸੀਨ ਦਾ ਕੋਟਾ ਵਧਾਉਣ ਦੀ ਮੁੜ ਮੰਗ
Sunday, May 23, 2021 - 01:44 AM (IST)
ਜਲੰਧਰ, (ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਪੰਜਾਬ ਲਈ ਵੈਕਸੀਨ ਦਾ ਕੋਟਾ ਵਧਾਉਣ ਦੀ ਮੁੜ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਈ ਮਹੀਨੇ ਵਿਚ ਟੀਕਿਆਂ ਦੀ ਸਪਲਾਈ ਪੰਜਾਬ ਨੂੰ ਬਹੁਤ ਘੱਟ ਹੋਈ ਹੈ, ਜਿਸ ਕਾਰਨ ਸੂਬੇ ਵਿਚ ਟੀਕਾਕਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਟੀਕਾ ਲਵਾਉਣ ਲਈ ਤਿਆਰ ਹਨ ਪਰ ਜੇ ਸੂਬਾ ਸਰਕਾਰ ਕੋਲ ਟੀਕੇ ਹੀ ਨਹੀਂ ਹੋਣਗੇ ਤਾਂ ਕਿਵੇਂ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧੇਗਾ? ਮੁੱਖ ਮੰਤਰੀ ਨੇ ਕਿਹਾ ਕਿ ਬਲੈਕ ਫੰਗਸ ਨੂੰ ਰੋਕਣ ਲਈ ਵੀ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ ਕੋਵਿਡ ਟੀਕਾਕਰਨ ਸਬੰਧੀ ਪੰਜਾਬ ਸਰਕਾਰ ਨੇ ਕੇਂਦਰ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸੂਬੇ ਦੇ ਸਾਰੇ ਸਿਹਤ ਕੇਂਦਰਾਂ ਵਿਚ ਵੈਕਸੀਨ ਮੁਹੱਈਆ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਰੋਜ਼ਾਨਾ ਵੈਕਸੀਨ ਲਵਾਉਣ ਲਈ ਆਉਂਦੇ ਹਨ ਪਰ ਅੱਧੇ ਲੋਕਾਂ ਨੂੰ ਨਿਰਾਸ਼ ਵਾਪਸ ਜਾਣਾ ਪੈਂਦਾ ਹੈ।
ਜੇ ਸਾਰੇ ਸਿਹਤ ਕੇਂਦਰਾਂ ’ਚ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਵੈਕਸੀਨ ਲਾਉਣ ਦਾ ਕੰਮ ਚੱਲਦਾ ਰਹੇ ਤਾਂ ਇਸ ਨਾਲ ਸੂਬੇ ਦੀ ਵੱਧ ਤੋਂ ਵੱਧ ਆਬਾਦੀ ਨੂੰ ਵੈਕਸੀਨ ਲਾਉਣ ਵਿਚ ਮਦਦ ਮਿਲੇਗੀ।