ਮੁੱਖ ਮੰਤਰੀ ਦੀ ਰਿਹਾਇਸ਼ ਵਲ ਵਧ ਰਹੇ NPS ਮੁਲਾਜ਼ਮਾਂ ’ਤੇ ਲਾਠੀਚਾਰਜ
Monday, Dec 06, 2021 - 02:24 AM (IST)
ਮੋਰਿੰਡਾ(ਅਰਨੌਲੀ, ਧੀਮਾਨ)- ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਦਾਣਾ ਮੰਡੀ ਮੋਰਿੰਡਾ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਰੈਲੀ ਕੀਤੀ ਗਈ। ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਵੱਲ ਨੂੰ ਰੋਸ ਮਾਰਚ ਕਰਦਿਆਂ ਵਧੇ ਐੱਨ. ਪੀ. ਐੱਸ. ਮੁਲਾਜ਼ਮਾਂ ਨੇ ਬੈਰੀਗੇਟ ਪੁੱਟ ਦਿੱਤੇ, ਜਿੱਥੇ ਪੁਲਸ ਵਲੋਂ ਉਨ੍ਹਾਂ ’ਤੇ ਪਾਣੀ ਦੀਆਂ ਵਾਛੜਾਂ ਮਾਰਨ ਦੇ ਨਾਲ ਅਤੇ ਹਲਕਾ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਕਈ ਮਹਿਲਾ ਅਤੇ ਪੁਰਸ਼ ਮੁਲਾਜ਼ਮਾਂ ਦੇ ਸੱਟਾਂ ਵੀ ਲੱਗੀਆਂ ਅਤੇ ਕਈਆਂ ਦੀਆਂ ਪੱਗਾਂ ਲੱਥ ਗਈਆਂ । ਬਾਅਦ ਵਿਚ ਪ੍ਰਸ਼ਾਸਨ ਨੇ 10 ਦਸੰਬਰ ਨੂੰ ਚੰਡੀਗੜ੍ਹ ਵਿਖੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਪੈਨਲ ਮੀਟਿੰਗ ਫਿਕਸ ਕਰਵਾਈ।
ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ-ਕਨਵੀਨਰ ਜਗਸੀਰ ਸਿੰਘ ਸਹੋਤਾ ਅਤੇ ਅਜੀਤ ਪਾਲ ਸਿੰਘ ਜੱਸੋਵਾਲ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਐੱਨ. ਪੀ. ਐੱਸ. ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ। ਸਰਕਾਰ ਦੇ ਸਾਢੇ ਚਾਰ ਸਾਲ ਹੋ ਗਏ ਅਜੇ ਤਕ ਸਾਡੀ ਇਸ ਇੱਕੋ ਇਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਲੋਕ ਮੁੱਦਿਆਂ ’ਤੇ ਕਾਂਗਰਸ ਸਰਕਾਰ ਵਲੋਂ ਲਾਰਾ ਲਾਉਣ ਤੇ ਡੰਗ ਟਪਾਉਣ ਦੀ ਨੀਤੀ ਅਪਣਾ ਕੇ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਪੈਨਸ਼ਨ ਅਧਿਕਾਰ ਮਹਾਰੈਲੀ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਰੱਖਣੀ ਪਈ, ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿਚ ਆ ਕੇ ਇਨ੍ਹਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਿਲ ਕਰ ਦੇਵਾਂਗੇ।
ਇਸ ਸਮੇਂ ਕੋ-ਕਨਵੀਨਰ ਸੰਜੀਵ ਧੂਤ, ਗੁਰਦੀਪ ਚੀਮਾ, ਸੰਤ ਸੇਵਕ ਸਿੰਘ ਸਰਕਾਰੀਆ, ਗੁਰਦਿਆਲ ਸਿੰਘ ਮਾਨ, ਹਰਪ੍ਰੀਤ ਸਿੰਘ ਬਰਾੜ, ਗੁਰਸ਼ਰਨ ਸਿੰਘ ਰਾਊਆਲ, ਲਵਪ੍ਰੀਤ ਸਿੰਘ ਰੋੜਾਂਵਾਲੀ, ਗੁਰਤੇਜ ਸਿੰਘ ਖਹਿਰਾ, ਸਰਬਜੀਤ ਸਿੰਘ ਪੂਨਾਵਾਲਾ, ਦਰਸ਼ਨ ਸਿੰਘ ਆਲੀਸ਼ੇਰ, ਪਰਮਿੰਦਰਪਾਲ ਸਿੰਘ, ਦਿਦਾਰ ਸਿੰਘ ਮੁੱਦਕੀ, ਗੁਲਾਬ ਸਿੰਘ, ਸੋਹਨ ਲਾਲ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰਪਾਲ ਸਿੰਘ ਖੇੜੀ, ਰਜਨੀਸ਼ ਕੁਮਾਰ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਡੀ. ਟੀ. ਐੱਫ. ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਬੀ. ਐੱਡ ਫਰੰਟ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ,ਆਈ. ਟੀ. ਸੈੱਲ ਤੋਂ ਸਤਪ੍ਰਕਾਸ਼ ,ਹਰਪ੍ਰੀਤ ਉੱਪਲ , ਸ਼ਿਵਪ੍ਰੀਤ ਪਟਿਆਲਾ, ਬਲਜੀਤ ਸਿੰਘ ਸੇਖਾ ਸਕੂਲ ਲਾਇਬ੍ਰੇਰੀ ਯੂਨੀਅਨ, ਬਲਜੀਤ ਸਿੰਘ ਸਲਾਣਾ ਐੱਸ. ਸੀ. ਬੀ. ਸੀ. ਯੂਨੀਅਨ, ਈ. ਟੀ. ਟੀ. ਟੀਚਰਜ਼ ਯੂਨੀਅਨ ਤੋਂ ਹਰਦੀਪ ਸਿੱਧੂ ਹਾਜ਼ਰ ਸਨ।