ਕੇਂਦਰ ਸਰਕਾਰ ਨੂੰ ਲੋਕ ਮਾਰੂ ਨੀਤੀਆਂ ਦਾ ਖਮਿਆਜ਼ਾ 2019 ਦੀਆਂ ਚੋਣਾਂ ''ਚ ਭੁਗਤਣਾ ਪਵੇਗਾ : ਕੱਥੂਨੰਗਲ
Monday, Oct 30, 2017 - 07:05 AM (IST)
ਕੱਥੂਨੰਗਲ/ਮਜੀਠਾ, (ਕੰਬੋ, ਸਰਬਜੀਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਭਗ 3 ਸਾਲ ਦੇ ਕਾਰਜਕਾਲ ਦੌਰਾਨ ਲੋਕ ਮਾਰੂ ਨੀਤੀਆਂ ਹੀ ਲਾਗੂ ਕੀਤੀਆਂ ਹਨ, ਜਿਸ ਦੀ ਉਦਾਹਰਨ ਨੋਟਬੰਦੀ ਤੇ ਜੀ. ਐੱਸ. ਟੀ. ਨੂੰ ਲਾਗੂ ਕਰਨ ਨਾਲ ਜਿਥੇ ਪੂਰੇ ਦੇਸ਼ ਦੇ ਕਾਰੋਬਾਰ ਤਬਾਹ ਹੋ ਗਏ ਹਨ, ਉਥੇ ਹੀ ਦੇਸ਼ ਦੀ ਅਰਥਵਿਵਸਥਾ ਨੂੰ ਵੀ ਭਾਰੀ ਧੱਕਾ ਲੱਗਾ ਹੈ, ਜਿਸ ਦਾ ਖਮਿਆਜ਼ਾ ਐੱਨ. ਡੀ. ਏ. ਸਰਕਾਰ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ। ਇਹ ਪ੍ਰਗਟਾਵਾ ਹਲਕਾ ਮਜੀਠਾ ਦੇ ਸਾਬਕਾ ਕਾਂਗਰਸੀ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਕਾਂਗਰਸੀ ਵਰਕਰਾਂ ਦੀ ਬੁਲਾਈ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਫਸਲਾਂ ਦੇ ਸਮਰਥਨ ਮੁੱਲ ਵਿਚ ਜਿਹੜਾ ਨਿਗੂਣਾ ਵਾਧਾ ਕੀਤਾ ਹੈ ਉਹ ਕਿਸਾਨਾਂ ਨਾਲ ਵੱਡਾ ਧੋਖਾ ਹੈ, ਖਾਸ ਕਰ ਕੇ ਪੰਜਾਬ ਵਰਗੇ ਖੇਤੀਬਾੜੀ ਸੂਬੇ ਨਾਲ, ਜਿਥੇ ਸਾਰੇ ਧੰਦੇ ਹੀ ਖੇਤੀਬਾੜੀ ਨਾਲ ਸਬੰਧਤ ਹਨ, ਬੰਦ ਹੋਣ ਕਿਨਾਰੇ ਹੋ ਗਏ ਹਨ। ਕੱਥੂਨੰਗਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਿਹੜੇ ਵੀ ਵਾਅਦੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਉਨ੍ਹਾਂ ਨੂੰ ਇਕ-ਇਕ ਕਰ ਕੇ ਪੂਰਾ ਕਰ ਰਹੇ ਹਨ, ਜਿਨ੍ਹਾਂ 'ਚ ਕਿਸਾਨਾਂ ਦਾ ਕਰਜ਼ਾ ਵੀ ਹੁਣ ਜਲਦ ਮੁਆਫ ਕੀਤਾ ਜਾਵੇਗਾ ਅਤੇ ਇਸ ਵਾਰ ਵਾਜਿਬ ਮੁੱਲ ਤੇ ਸਮੇਂ ਸਿਰ ਫਸਲਾਂ ਚੁੱਕਣ ਨਾਲ ਕਿਸਾਨ ਸੂਬਾ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ ਅਤੇ ਉਹ ਆਪਣੀ ਫੋਕੀ ਸ਼ੌਹਰਤ ਖੱਟਣ ਵਾਸਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਜਿਸ ਦਾ ਕੋਈ ਮੁੱਲ ਨਹੀਂ।
ਇਸ ਮੌਕੇ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਜੱਗਾ ਆੜ੍ਹਤੀਆ ਕੋਟਲਾ ਤਰਖਾਣਾ, ਸੋਨੀ ਰੰਧਾਵਾ, ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ, ਸੁਖਪਾਲ ਸਿੰਘ ਹਦਾਇਤਪੁਰਾ, ਸਤਨਾਮ ਸਿੰਘ ਕਾਜੀਕੋਟ, ਰਮਨਜੀਤ ਸਿੰਘ ਰਿੰਕਾ ਕੱਥੂਨੰਗਲ, ਗੁਰਚਰਨ ਸਿੰਘ ਫੌਜੀ, ਰਾਜੂ ਪੰਪ ਵਾਲਾ, ਬਲਜਿੰਦਰ ਸਿੰਘ ਫੌਜੀ ਅਲਕੜੇ, ਬਲਬੀਰ ਸਿੰਘ ਆਦਿ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।
